ਪਿੰਡ ਦੌਲਤਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ
ਕਿਸ਼ਨਗੜ੍ਹ,1 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਦੌਲਤਪੁਰ ਵਿਖੇ ਡੀ. ਏ.
ਕਿਸ਼ਨਗੜ੍ਹ,1 ਅਕਤੂਬਰ (ਹੁਸਨ ਲਾਲ)-ਨਜ਼ਦੀਕੀ ਪਿੰਡ ਦੌਲਤਪੁਰ ਵਿਖੇ ਡੀ.ਏ.ਵੀ. ਯੂਨੀਵਰਸਿਟੀ ਸਰਮਸਤਪੁਰ ਦੇ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਉਨਾਂ ਦੇ ਪ੍ਰੋਫੈਸਰ ਸਾਹਿਬਾਨਾਂ ਵਲੋਂ ਸਾਂਝੇ ਤੌਰ ’ਤੇ ਕਿਸਾਨਾਂ ਨੂੰ ਜੈਵਿਕ ਖੇਤੀਬਾੜੀ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਿਸ਼ਨਗੜ੍ਹ ਦੇ ਸਰਪੰਚ ਡਾ. ਗੁਰਬਖਸ ਸੁਆਮੀ ਬਤੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਵਿਦਿਆਰਥੀਆਂ ਵਲੋਂ ਹਾਜ਼ਰੀਨ ਕਿਸਾਨਾਂ ਨੂੰ ਖੇਤੀਬਾੜੀ ਲਈ ਪ੍ਰਚਲਿਤ ਵਿਧੀ ਅਨੁਸਾਰ ਵਰਤੇ ਜਾਣ ਵਾਲੀਆਂ ਰਸਾਇਣਿਕ ਖਾਦਾਂ ਤੇ ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਨੁੱਖੀ ਸਰੀਰ ਤੇ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਵੱਲੋਂ ਇਸ ਮੌਕੇ ਕਿਸਾਨਾਂ ਨੂੰ ਆਪਣੇ ਘਰਾਂ ਵਿੱਚ ਹੀ ਜੈਵਿਕ ਖਾਦ ਤਿਆਰ ਕਰਨ ਦੀ ਵਿਧੀ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪ੍ਰੋਫੈਸਰ ਡਾ. ਮਨਿੰਦਰ ਸਿੰਘ ਤੇ ਪ੍ਰੋਫੈਸਰ ਡਾ. ਰਿਤਿਕਸ਼ਾ ਤੇ ਵਿਦਿਆਰਥੀਆਂ ਵਲੋਂ ਨੁੱਕੜ ਨਾਟਕਾਂ ਰਾਹੀਂ ਖੇਤੀਬਾੜੀ ’ਚ ਏ. ਆਈ. ਤਕਨੀਕ ਦੀ ਵਰਤੋਂ ਕਰਕੇ ਫਸਲਾਂ ਦਾ ਵੱਧ ਝਾੜ ਲੈਣ ਤੇ ਤਿਆਰ ਫਸਲਾਂ ਨੂੰ ਲੱਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਲੋੜੀਂਦੇ ਪ੍ਰਬੰਧਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਢਿੱਲੋਂ ਕਿਸ਼ਨਗੜ੍ਹ, ਅਰਵਿੰਦ ਕੁਮਾਰ ਸੋਨੂ, ਨੰਬਰਦਾਰ ਜਸਵੰਤ ਸਿੰਘ, ਹਨੀਸ਼ ਕੁਮਾਰ ਨਰ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰਦੀਪ ਸਿੰਘ, ਪਰਮਿੰਦਰ ਸਿੰਘ ਮੁਖਤਿਆਰ ਸਿੰਘ ਅਤੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।