16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਵਿਰੋਧ ’ਚ ‘ਪੰਜਾਬ ਬੰਦ’ ਦਾ ਜਲੰਧਰ ’ਚ ਵਿਆਪਕ ਅਸਰ

ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਮਾਨਸਾ ਵਿਖੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅੱਜ ਜਲੰਧਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਅਸਰ ਦੇਖਣ ਨੂੰ ਮਿਲਿਆ । ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਦੁਕਾਨਾਂ ਬੰਦ ਰਹੀਆਂ, ਜਦਕਿ ਕਈ ਵਿਦਿਅਕ ਅਦਾਰੇ ਵੀ ਬੰਦ ਰਹੇ ।

Ad Position 21
No active advertisement
ਰੈਣਕ ਬਾਜ਼ਾਰ ’ਚ ਪੁਤਲਾ ਫੂਕ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਪਰਮਜੀਤ ਸਿੰਘ ਸ਼ੈਰੀ ਚੱਢਾ ਤੇ ਹੋਰ। (ਸੱਜੇ) ਬੰਦ ਦੇ ਸੱਦੇ ਕਰਕੇ ਸੁੰਨ ਪਿਆ ਮੀਨਾ ਬਾਜ਼ਾਰ। ਤਸਵੀਰਾਂ : ਮੁਨੀਸ਼ 16-10-2026
ਜਲੰਧਰ, 15 ਅਕਤੂਬਰ (ਜਸਪਾਲ ਸਿੰਘ)-ਮਾਨਸਾ ਵਿਖੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅੱਜ ਜਲੰਧਰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਰਵਾਂ ਅਸਰ ਦੇਖਣ ਨੂੰ ਮਿਲਿਆ । ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਦੁਕਾਨਾਂ ਬੰਦ ਰਹੀਆਂ, ਜਦਕਿ ਕਈ ਵਿਦਿਅਕ ਅਦਾਰੇ ਵੀ ਬੰਦ ਰਹੇ । ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵੱਖ-ਵੱਖ ਸਿੱਖ ਤੇ ਸਮਾਜਿਕ ਜਥੇਬੰਦੀਆਂ ਵਲੋਂ ਬੰਦ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ । ਜਦਕਿ ਦੂਜੇ ਪਾਸੇ ਕਿਸੇ ਵੀ ਜਥੇਬੰਦੀ ਨੂੰ ਹਾਈਵੇ ਸਮੇਤ ਹੋਰਨਾਂ ਮੁੱਖ ਸੜਕਾਂ ’ਤੇ ਲੰਮਾ ਜਾਮ ਲਗਾਉਣ ਦੀ ਇਜਾਜ਼ਤ ਨਾ ਦੇਣ ਲਈ ਪੁਲਿਸ ਵਲੋਂ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਕਿਸਾਨ ਅਤੇ ਜਥੇਬੰਦੀਆਂ ਥੋੜ੍ਹੇ-ਥੋੜ੍ਹੇ ਸਮੇਂ ਲਈ ਧਰਨਾ ਲਾਉਣ ’ਚ ਕਾਮਯਾਬ ਰਹੀਆਂ, ਜਿਸ ਕਾਰਨ ਜਲੰਧਰ-ਫਗਵਾੜਾ ਹਾਈਵੇ ਸਮੇਤ ਕਈ ਪ੍ਰਮੁੱਖ ਮਾਰਗਾਂ ’ਤੇ ਕੁੱਝ ਸਮਾਂ ਆਵਾਜਾਈ ਵੀ ਪ੍ਰਭਾਵਿਤ ਰਹੀ। ਓਧਰ ਬੰਦ ਦਾ ਅਸਰ ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦਿਖਾਈ ਦਿੱਤਾ। ਦੁਕਾਨਾਂ ਦੇ ਸ਼ਟਰ ਬੰਦ ਰਹਿਣ ਕਾਰਨ ਆਮ ਦਿਨਾਂ ਦੇ ਮੁਕਾਬਲੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਘੱਟ ਰਹੀ ਅਤੇ ਗਾਹਕਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਜਲੰਧਰ ਤੋਂ ਇਲਾਵਾ ਨਕੋਦਰ, ਨੂਰਮਹਿਲ, ਕਰਤਾਰਪੁਰ, ਸ਼ਾਹਕੋਟ, ਮਲਸੀਆਂ, ਮਹਿਤਪੁਰ ਅਤੇ ਰਾਮਾ ਮੰਡੀ ਸਮੇਤ ਕਈ ਕਸਬਿਆਂ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ । ਇਸ ਦੌਰਾਨ ਬੰਦ ਦਾ ਅਸਰ ਬੱਸ ਸੇਵਾਵਾਂ ’ਤੇ ਵੀ ਦੇਖਣ ਨੂੰ ਮਿਲਿਆ ਤੇ ਜਲੰਧਰ ਦਾ ਬੱਸ ਅੱਡਾ ਪੂਰੀ ਤਰ੍ਹਾਂ ਨਾਲ ਸੁੰਨਸਾਨ ਰਿਹਾ। ਇਕ ਤਰ੍ਹਾਂ ਨਾਲ ਜ਼ਿਆਦਾਤਰ ਲੋਕਾਂ ਨੇ ਖੁਦ ਹੀ ਬੰਦ ਦਾ ਸਮਰਥਨ ਕਰਦੇ ਹੋਏ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕੀਤਾ। ਜਦਕਿ ਬੰਦ ਦੌਰਾਨ ਵੱਖ-ਵੱਖ ਆਗੂਆਂ ਨੇ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦੇ ਹੋਏ ਮਾਮਲੇ ਦੀ ਜਾਂਚ ਸੀ. ਬੀ. ਆਈ. ਕੋਲੋਂ ਕਰਵਾਏ ਜਾਣ ਤੇ ਨਸ਼ਿਆਂ ਦੇ ਮੁੱਦੇ ’ਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਵੀ ਮੰਗ ਕੀਤੀ। < ਜਲੰਧਰ-ਫਗਵਾੜਾ ਹਾਈਵੇਅ ’ਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਲੰਧਰ-ਫਗਵਾੜਾ ਕੌਮੀ ਮਾਰਗ ’ਤੇ ਪਰਾਗਪੁਰ ਨੇੜੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕੁੱਝ ਸਮੇਂ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਬਾਅਦ ’ਚ ਪੁਲਿਸ ਵਲੋਂ ਕਿਸਾਨਾਂ ਨੂੰ ਧਰਨੇ ਵਾਲੀ ਥਾਂ ਤੋਂ ਖਦੇੜ ਦਿੱਤਾ ਗਿਆ ਤੇ ਇਸ ਦੌਰਾਨ ਪੁਲਿਸ ਵਲੋਂ ਕਿਸਾਨਾਂ ਨੂੰ ਹਿਰਾਸਤ ’ਚ ਵੀ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਦੁਪਹਿਰ ਛੱਡਿਆ ਗਿਆ। ਹਾਲਾਂਕਿ ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾਮੁੱਕੀ ਵੀ ਹੋਈ ਹੈ ਤੇ ਪੁਲਿਸ ਕਿਸਾਨਾਂ ਨੂੰ ਧੂਹ ਕੇ ਲੈ ਗਈ ਤੇ ਧੱਕੇ ਨਾਲ ਉਨ੍ਹਾਂ ਨੂੰ ਬੱਸਾਂ ’ਚ ਬਿਠਾਇਆ ਗਿਆ। ਇਸ ਦੌਰਾਨ ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਪੁਲਿਸ ਵਲੋਂ ਧਰਨਾਕਾਰੀਆਂ ਨੂੰ ਖਦੇੜ ਕੇ ਜਲੰਧਰ-ਫਗਵਾੜਾ ਹਾਈਵੇ ’ਤੇ ਆਵਾਜਾਈ ਮੁੜ ਚਲਾ ਦਿੱਤੀ ਗਈ ਤੇ ਬਾਅਦ ’ਚ ਸਾਰਾ ਦਿਨ ਆਵਾਜਾਈ ਆਮ ਦੀ ਤਰ੍ਹਾਂ ਚੱਲੀ। ਇਸ ਮੌਕੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਹਾਈਵੇ ਸਮੇਤ ਸ਼ਹਿਰ ਦੇ ਪ੍ਰਮੁੱਖ ਮਾਰਗਾਂ ’ਤੇ ਆਵਾਜਾਈ ਆਮ ਦੀ ਤਰ੍ਹਾਂ ਰਹੀ। < ਕਿਸਾਨ ਆਗੂ ਮਛਿਆਣਾ ਤੇ ਸੁਖਬੀਰ ਸਿੰਘ ਸਮੇਤ ਕਿਸਾਨਾਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਪੰਜਾਬ ਬੰਦ ਦੇ ਸੱਦੇ ਦੌਰਾਨ ਜਲੰਧਰ-ਫਗਵਾੜਾ ਹਾਈਵੇ ’ਤੇ ਧਰਨਾ ਦੇਣ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਛਿਆਣਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਕੈਂਟ ਬਲਾਕ ਦੇ ਪ੍ਰਧਾਨ ਸੁਖਬੀਰ ਸਿੰਘ ਕੁੱਕੜ ਪਿੰਡ ਨੂੰ ਉਨ੍ਹਾਂ ਦੇ ਵੱਡੀ ਗਿਣਤੀ ਸਾਥੀਆਂ ਸਮੇਤ ਪੁਲਿਸ ਵਲੋਂ ਹਿਰਾਸਤ ’ਚ ਲਿਆ ਗਿਆ ਤੇ ਬਾਅਦ ਦੁਪਹਿਰ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਆਗੂ ਕੁਲਵਿੰਦਰ ਸਿੰਘ ਮਛਿਆਣਾ ਤੇ ਸੁਖਬੀਰ ਸਿੰਘ ਕੁੱਕੜ ਪਿੰਡ ਪੁਲਿਸ ਦੀਆਂ ਸਾਰੀਆਂ ਰੋਕਾਂ ਨੂੰ ਤੋੜਦੇ ਹੋਏ ਜਲੰਧਰ-ਫਗਵਾੜਾ ਹਾਈਵੇ ’ਤੇ ਸਥਿਤ ਪਿੰਡ ਪਰਾਗਪੁਰ ਪੁੱਜੇ, ਜਿੱਥੇ ਉਨ੍ਹਾਂ ਬੰਦ ਦੇ ਸੱਦੇ ਨੂੰ ਲਾਗੂ ਕਰਵਾਉਣ ਲਈ ਇਕੱਠ ਕੀਤਾ ਪਰ ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਜਿਹੜੇ ਕਾਰਕੁੰਨ ਧਰਨਾ ਚੁੱਕਣ ਲਈ ਤਿਆਰ ਨਹੀਂ ਹੋਏ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ । ਕੁਝ ਸਮੇਂ ਲਈ ਇਸ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਜਲਦ ਹੀ ਪੁਲਿਸ ਨੇ ਵਾਹਨਾਂ ਦੀ ਆਵਾਜਾਈ ਮੁੜ ਬਹਾਲ ਕਰਵਾ ਦਿੱਤੀ । ਜਦਕਿ ਇਸ ਤੋਂ ਪਹਿਲਾਂ ਪੁਲਿਸ ਵਲੋਂ ਸਵੇਰੇ ਹੀ ਕਿਸਾਨ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਘਰਾਂ ’ਚ ਹੀ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ’ਚ ਕਿਸਾਨ ਆਗੂ ਪੁਲਿਸ ਦੀ ਨਜ਼ਰਬੰਦੀ ਛੁਡਾਉਂਦੇ ਹੋਏ ਧਰਨੇ ਵਾਲੀ ਥਾਂ ’ਤੇ ਪੁੱਜੇ। ਇਸ ਦੌਰਾਨ ਪੁਲਿਸ ਵਲੋਂ ਜਿੱਥੇ ਕਿਸਾਨ ਆਗੂ ਕੁਲਵਿੰਦਰ ਸਿੰਘ ਮਛਿਆਣਾ ਨੂੰ ਉਨ੍ਹਾਂ ਦੇ ਪਿੰਡ ਮਛਿਆਣਾ ਸਥਿਤ ਘਰ ’ਚ ਨਜ਼ਰਬੰਦ ਕੀਤਾ ਗਿਆ, ਉੱਥੇ ਕਿਸਾਨ ਆਗੂ ਸੁਖਬੀਰ ਸਿੰਘ ਕੁੱਕੜ ਪਿੰਡ ਨੂੰ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਹੋਰਨਾਂ ਕਿਸਾਨ ਆਗੂਆਂ ਨੂੰ ਵੀ ਘਰਾਂ ਤੋਂ ਨਿਕਲਣ ਤੋਂ ਪੁਲਿਸ ਵਲੋਂ ਰੋਕਿਆ ਗਿਆ ਪਰ ਦੋਵੇਂ ਕਿਸਾਨ ਆਗੂ ਪੁਲਿਸ ਦੀਆਂ ਰੋਕਾਂ ਨੂੰ ਤੋੜਦੇ ਹੋਏ ਆਪਣੇ ਸਾਥੀਆਂ ਦੇ ਨਾਲ ਧਰਨੇ ਵਾਲੀ ਥਾਂ ’ਤੇ ਪੁੱਜੇ, ਜਿੱਥੇ ਉਨ੍ਹਾਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਕੁੱਝ ਸਮੇਂ ਲਈ ਆਵਾਜਾਈ ਵੀ ਜਾਮ ਕੀਤੀ। ਇਸ ਮੌਕੇ ਕਿਸਾਨ ਆਗੂ ਹਰਨੇਕ ਸਿੰਘ ਬਲਾਕ ਪ੍ਰਧਾਨ ਨਕੋਦਰ, ਸੁਖਬੀਰ ਸਿੰਘ ਸੁੱਖੀ ਬਲਾਕ ਪ੍ਰਧਾਨ ਗੁਰਾਇਆ, ਸਤਨਾਮ ਸਿੰਘ ਸੋਨੂੰ ਸਰਪੰਚ ਚੌਲਾਂਗ, ਸੋਨੂੰ ਸਮਰਾਏ, ਨਰਿੰਦਰ ਸਿੰਘ ਚੱਕ, ਵਿਜੇ ਕੁਮਾਰ ਸਰਪੰਚ ਮਛਿਆਣਾ, ਗੁਰਦੀਪ ਸਿੰਘ ਭੋਗਪੁਰ, ਹਰਜਾਪ ਸਿੰਘ ਸੰਘਾ, ਹਰਭੁਪਿੰਦਰਜੀਤ ਸਿੰਘ ਸਮਰਾਏ, ਲਖਵੀਰ ਸਿੰਘ ਜੌਹਲ, ਅਵਤਾਰ ਸਿੰਘ ਕੋਟ ਕਲਾਂ, ਬਲਬੀਰ ਸਿੰਘ ਕੋਟ ਕਲਾਂ, ਬਲਰਾਜ ਸਿੰਘ ਖੇੜਾ, ਪਾਲਾ ਕੋਟ ਖੁਰਦ, ਗੁਰਦੀਪ ਸਿੰਘ ਸਰਪੰਚ ਬੋਲੀਨਾ, ਪਰਵੀਨ ਸਿੰਘ ਜੌਹਲਾਂ, ਪਰਮਜੀਤ ਸਿੰਘ ਕੋਟਲੀ, ਅਵਤਾਰ ਸਿੰਘ ਈਸ਼ਰਵਾਲ, ਮਹਿੰਦਰ ਪਤਾਰਾ, ਗੁਰਵਿੰਦਰ ਸਿੰਘ ਕੋਟਲੀ, ਜਸਬੀਰ ਸਿੰਘ ਬੋਲੀਨਾ, ਹਰਜੀਤ ਸਿੰਘ ਜਮਸ਼ੇਰ, ਇੰਦਰਜੀਤ ਸਿੰਘ ਸ਼ੇਰਗਿੱਲ, ਸੁੱਖਾ ਭਲਵਾਨ ਖੇੜਾ, ਜੱਸਾ ਜਮਸ਼ੇਰ, ਸ਼ਰਨਾ ਖੇੜਾ, ਮੋਂਟੀ ਮਾਨ ਜਮਸ਼ੇਰ, ਬਲਜੀਤ ਭਾਊ ਜਮਸ਼ੇਰ, ਬਿੱਲਾ ਸਰਪੰਚ ਅਲੀਪੁਰ, ਜੀਤਾ ਸੰਸਾਰਪੁਰ, ਕਾਕਾ ਦੀਨਪੁਰ, ਅਮਰਦੀਪ ਸਿੰਘ ਖੁਸਰੋਪੁਰ, ਅਮਰੀਕ ਸਿੰਘ ਸੰਸਾਰਪੁਰ, ਪਰਮਵੀਰ ਸਿੰਘ ਫਰਾਲਾ, ਸੁਖਵੀਰ ਸਿੰਘ ਧਲੇਤਾ, ਬਾਬਾ ਨਰਿੰਦਰ ਸਿੰਘ ਦਕੋਹਾ, ਦਲਜੀਤ ਸਿੰਘ ਚੋਹਕਾਂ, ਸੁੱਖਾ ਚੋਹਕਾਂ, ਬਲਵਿੰਦਰ ਸਿੰਘ ਬਾਹੀਆ, ਅਵਤਾਰ ਸਿੰਘ ਬੋਪਾਰਾਏ, ਦਵਿੰਦਰ ਸਿੰਘ ਬਾਹੀਆ, ਕੁਲਵਿੰਦਰ ਸਿੰਘ ਕਿੰਦਰ ਤੇ ਕੁਲਦੀਪ ਸਿੰਘ ਕਾਕਾ ਆਦਿ ਵੀ ਮੌਜੂਦ ਸਨ। ਇਸ ਮੌਕੇ ਕੁਲਵਿੰਦਰ ਸਿੰਘ ਮਛਿਆਣਾ ਤੇ ਸੁਖਬੀਰ ਸਿੰਘ ਕੁੱਕੜ ਪਿੰਡ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਣ ’ਤੇ ਇਤਰਾਜ਼ ਜਤਾਇਆ, ਜਦਕਿ ਪੁਲਿਸ ਦਾ ਕਹਿਣਾ ਸੀ ਕਿ ਆਵਾਜਾਈ ਵਿੱਚ ਵਿਘਨ ਪੈਣ ਤੋਂ ਰੋਕਣ ਲਈ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਪਾਸੇ ਕੀਤਾ ਗਿਆ । < ਪਠਾਨਕੋਟ ਚੌਕ ’ਚ ਪੁਲਿਸ ਰਹੀ ਚੌਕਸ ਮਕਸੂਦਾਂ, (ਸੌਰਵ ਮਹਿਤਾ)- ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਜਲੰਧਰ ਦੇ ਪਠਾਨਕੋਟ ਚੌਕ ਵਿਖੇ ਪੁਲਿਸ ਮੁਲਾਜ਼ਮ ਚੌਕਸ ਨਜ਼ਰ ਆਏ। ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ 8 ਦੇ ਮੁਖੀ ਰਾਕੇਸ਼ ਕੁਮਾਰ ਵੱਲੋਂ ਮੌਕੇ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਸੰਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ, ਤਾਂ ਜੋ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਿਭਾਉਣ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ। ਪੁਲਿਸ ਦੀ ਇਸ ਤਰ੍ਹਾਂ ਦੀ ਤਾਇਨਾਤੀ ਦਾ ਮਕਸਦ ਇਲਾਕੇ ਵਿੱਚ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣਾ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣਾ ਸੀ।
Ad Position 22
No active advertisement
ਅਗਲੀ ਖ਼ਬਰ ਪੀਰ ਬੋਦਲਾਂ ਬਾਜ਼ਾਰ ਵਿਚ ਛੇ ਮਹੀਨਿਆਂ ਤੋਂ ਸੀਵਰੇਜ ਦੀ ਸਮੱਸਿਆ, ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ
Ad Position 24