ਸ੍ਰੀ ਮੁਕਤਸਰ ਸਾਹਿਬ, 30 ਜਨਵਰੀ (ਹਰਮਹਿੰਦਰ ਪਾਲ)-ਸੂਬੇ ਵਿਚ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਤੇ ਸੜਕੀ ਹਾਦਸਿਆਂ ਤੋਂ ਬਚਾਅ ਲਈ ਟ੍ਰੈਫ਼ਿਕ ਜਾਗਰੂਕਤਾ ਅਭਿਆਨ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਅੰਦਰ ਨਿਰੰਤਰ ਅਤੇ ਵਿਸ਼ਾਲ ਪੱਧਰ 'ਤੇ ਜਾਗਰੂਕਤਾ ਪ੍ਰੋਗਰਾਮ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ | ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਜਿੱਥੇ ਇਕ ਪਾਸੇ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਨੌਜਵਾਨ ਵਰਗ ਤੇ ਆਮ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਲਈ ਜਾਗਰੂਕਤਾ ਨੂੰ ਖ਼ਾਸ ਤਰਜ਼ੀਹ ਦਿੱਤੀ ਜਾ ਰਹੀ ਹੈ | ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਵੱਖ-ਵੱਖ ਥਾਣਿਆਂ ਦੇ ਮੁਲਾਜ਼ਮਾਂ ਅਤੇ ਅਵੇਅਰਨੈੱਸ ਟੀਮਾਂ ਵਲੋਂ ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ, ਪਿੰਡਾਂ, ਸ਼ਹਿਰੀ ਸੱਥਾਂ, ਟੈਕਸੀ ਸਟੈਂਡਾਂ ਅਤੇ ਟਰਾਂਸਪੋਰਟ ਯੂਨਿਟਾਂ ਵਿਚ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਨਸ਼ੇ ਨਾ ਸਿਰਫ਼ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਪਰਿਵਾਰਕ, ਸਮਾਜਿਕ ਤੇ ਭਵਿੱਖੀ ਜੀਵਨ ਨੂੰ ਵੀ ਪ੍ਰਭਾਵਿਤ ਕਰਦੇ ਹਨ | ਇਸ ਦੇ ਨਾਲ ਹੀ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਤੇਜ਼ ਰਫ਼ਤਾਰ, ਬਿਨਾਂ ਹੈਲਮੈਟ, ਸੀਟ ਬੈਲਟ ਦੀ ਅਣਦੇਖੀ ਤੇ ਨਸ਼ੇ ਦੀ ਹਾਲਤ ਵਿਚ ਵਾਹਨ ਚਲਾਉਣ ਨਾਲ ਹੋਣ ਵਾਲੇ ਘਾਤਕ ਸੜਕੀ ਹਾਦਸਿਆਂ ਬਾਰੇ ਸਪੱਸ਼ਟ ਤੌਰ 'ਤੇ ਜਾਣੂ ਕਰਵਾਇਆ ਗਿਆ | ਇਸ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਖ਼ਾਸ ਤੌਰ 'ਤੇ ਪਿੰਡਾਂ ਵਿਚ ਸੱਥਾਂ ਅੰਦਰ ਅਤੇ ਪਿੰਡ ਪੱਧਰ 'ਤੇ ਜਾ ਕੇ ਸੈਮੀਨਾਰ ਤੇ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਆਮ ਲੋਕਾਂ ਨਾਲ ਸਿੱਧਾ ਅਤੇ ਭਰੋਸੇਯੋਗ ਸੰਪਰਕ ਕਾਇਮ ਕੀਤਾ ਜਾ ਸਕੇ | 1 ਜਨਵਰੀ ਤੋਂ ਅੱਜ ਤੱਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 51 ਜਾਗਰੂਕਤਾ ਪ੍ਰੋਗਰਾਮ/ਸੈਮੀਨਾਰ ਕਰਵਾਏ ਗਏ, ਜਿਨ੍ਹਾਂ ਵਿਚ ਸਕੂਲਾਂ ਤੇ ਕਾਲਜਾਂ ਵਿਚ 12 ਜਾਗਰੂਕਤਾ ਸੈਮੀਨਾਰ, ਪਿੰਡਾਂ ਤੇ ਸ਼ਹਿਰਾਂ ਦੀਆਂ ਸੱਥਾਂ ਵਿਚ 11 ਸੈਮੀਨਾਰ, ਟਰਾਂਸਪੋਰਟ ਯੂਨਿਟਾਂ ਤੇ ਡਰਾਈਵਰਾਂ ਲਈ 17 ਜਾਗਰੂਕਤਾ ਸੈਮੀਨਾਰ, ਨਸ਼ਿਆਂ ਤੇ ਟ੍ਰੈਫ਼ਿਕ ਜਾਗਰੂਕਤਾ ਸੰਬੰਧੀ 4 ਸਾਈਕਲ ਰੈਲੀਆਂ, 2 ਪੈਦਲ ਜਾਗਰੂਕਤਾ ਰੈਲੀਆਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ 'ਤੇ ਇਕ ਵੱਡੀ ਮੋਟਰਸਾਈਕਲ ਜਾਗਰੂਕਤਾ ਰੈਲੀ ਵੀ ਕੀਤੀ ਗਈ | ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਸਿਰਫ਼ ਕਾਨੂੰਨੀ ਕਾਰਵਾਈ ਤੱਕ ਸੀਮਤ ਨਹੀਂ, ਸਗੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਤੇ ਸੜਕੀ ਹਾਦਸਿਆਂ ਵਿਚ ਕਮੀ ਲਿਆਉਣ ਲਈ ਲੋਕਾਂ ਨੂੰ ਸੁਚੇਤ ਕਰਨਾ ਵੀ ਹੈ | ਉਨ੍ਹਾਂ ਨੌਜਵਾਨਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨਸ਼ੈਲੀ ਅਪਣਾਈ ਜਾਵੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪੂਰੀ ਪਾਲਣਾ ਕਰਕੇ ਆਪਣੀ ਤੇ ਹੋਰਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾਵੇ |