ਡੱਬਵਾਲੀ, 26 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਵਿਖੇ ਅੱਜ 55ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਸ਼ਾਨਦਾਰ ਖੇਡ ਪ੍ਰਤਿਭਾ ਕਾਰਨ ਨਵਦੀਪ ਨੂੰ ਬੈਸਟ ਅਥਲੀਟ, ਪੂਨਮ ਨੂੰ ਫਰਸਟ ਰਨਰਅੱਪ ਅਤੇ ਸਿਮਰਨ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ | ਸਮਾਗਮ ਮੌਕੇ ਨਗਰ ਪ੍ਰੀਸ਼ਦ ਡੱਬਵਾਲੀ ਦੇ ਚੇਅਰਮੈਨ ਟੇਕਚੰਦ ਛਾਬੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਨੇ ਕਾਲਜ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਮਿੱਤਲ, ਸੰਦੀਪ ਗਰਗ ਤੇ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨਾਲ ਖੇਡ ਝੰਡਾ ਲਹਿਰਾਇਆ ਅਤੇ ਪਰੇਡ ਦੀ ਸਲਾਮੀ ਲੈ ਕੇ ਅਥਲੈਟਿਕ ਮੀਟ ਦਾ ਆਗਾਜ਼ ਕੀਤਾ | ਆਪਣੇ ਸੰਬੋਧਨ ਵਿਚ ਟੇਕ ਚੰਦ ਛਾਬੜਾ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ ਅਤੇ ਇਨ੍ਹਾਂ ਰਾਹੀਂ ਸਮਾਜ ਨੂੰ ਤੰਦਰੁਸਤ ਤੇ ਸੰਗਠਿਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਾਲਜ ਲਈ 5100 ਰੁਪਏ ਨਕਦ ਅਤੇ ਦੋ ਲੱਖ ਰੁਪਏ ਦੇ ਖੇਡ ਸਾਜੋ-ਸਾਮਾਨ ਦੇਣ ਦੀ ਘੋਸ਼ਣਾ ਕੀਤੀ | ਬੈਂਕ ਆਫ਼ ਬੜੌਦਾ ਵਲੋਂ ਵਿਦਿਆਰਥਣਾਂ ਦੇ ਉਤਸ਼ਾਹ ਵਧਾਉਣ ਲਈ 10 ਹਜ਼ਾਰ ਰੁਪਏ ਦਿੱਤੇ ਗਏ | ਸੀਨੀਅਰ ਸਿਟੀਜ਼ਨ ਸਭਾ ਦੇ ਪ੍ਰਧਾਨ ਸੁਰਿੰਦਰ ਮਿੱਤਲ ਤੇ ਸਕੱਤਰ ਸ਼ਸ਼ੀਕਾਂਤ ਸ਼ਰਮਾ ਨੇ ਨਵਦੀਪ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ | ਮਸੀਤਾਂ ਦੇ ਸਾਬਕਾ ਸਰਪੰਚ ਰਣਜੀਤ ਵਲੋਂ ਵਿਦਿਆਰਥਣਾਂ ਨੂੰ ਫ਼ਲ ਵੰਡੇ ਗਏ | ਖੇਡ ਮੁਕਾਬਲਿਆਂ ਵਿਚ 100 ਮੀਟਰ ਦੌੜ 'ਚ ਨਵਦੀਪ ਨੇ ਪਹਿਲਾ, ਸਿਮਰਨ ਨੇ ਦੂਜਾ, ਪੂਨਮ ਨੇ ਤੀਜਾ ਸਥਾਨ ਹਾਸਿਲ ਕੀਤਾ | 200 ਮੀਟਰ ਦੌੜ 'ਚ ਪੂਨਮ ਨੇ ਪਹਿਲਾ, ਸਿਮਰਨ ਨੇ ਦੂਜਾ, ਮਨਿਸ਼ਾ ਤੀਜੇ ਸਥਾਨ 'ਤੇ ਰਹੀ | 400 ਮੀਟਰ ਦੌੜ ਵਿਚ ਪੂਨਮ ਨੂੰ ਪਹਿਲਾ, ਸਿਮਰਨ ਨੂੰ ਦੂਜਾ ਤੇ ਗੁਰਪ੍ਰੀਤ ਨੂੰ ਤੀਜਾ ਸਥਾਨ ਹਾਸਿਲ ਹੋਇਆ | 1500 ਮੀਟਰ ਦੌੜ 'ਚ ਸਿਮਰਨ ਨੇ ਪਹਿਲਾ, ਗੁਰਪ੍ਰੀਤ ਨੇ ਦੂਜਾ, ਪਰਮਿੰਦਰ ਤੀਜੇ ਸਥਾਨ 'ਤੇ ਰਹੀ | ਸ਼ਾਟਪੁੱਟ ਵਿਚ ਨਵਦੀਪ, ਮੋਨਿਕਾ ਤੇ ਖ਼ੁਸ਼ਪ੍ਰੀਤ ਕ੍ਰਮਵਾਰ ਜੇਤੂ ਰਹੀਆਂ | ਜੈਵਲਿਨ ਥਰੋ੍ਹ ਵਿਚ ਨਵਦੀਪ, ਮਨੀਸ਼ਾ ਤੇ ਕਾਜਲ ਕ੍ਰਮਵਾਰ ਜੇਤੂ ਰਹੀਆਂ | ਲੰਬੀ ਛਾਲ ਵਿਚ ਨਵਦੀਪ ਨੇ ਪਹਿਲਾ, ਪੂਨਮ ਨੇ ਦੂਜਾ, ਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਟੱਗ ਆਫ਼ ਵਾਰ ਵਿਚ ਬੀ.ਏ.-2 ਦੀ ਟੀਮ ਜੇਤੂ ਰਹੀ | ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਡਾ. ਪ੍ਰੇਮਲਤਾ ਨੇ ਜੇਤੂਆਂ ਨੂੰ ਇਨਾਮ ਵੰਡੇ | ਆਖ਼ਰ ਵਿਚ ਪਿ੍ੰਸੀਪਲ ਡਾ. ਵਨੀਤਾ ਗੁਪਤਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਸੰਚਾਲਨ ਡਾ. ਪਦਮਾ ਅਤੇ ਡਾ. ਗਰਿਮਾ ਨੇ ਕੀਤਾ |