ਮਲੋਟ, 26 ਫ਼ਰਵਰੀ (ਪਾਟਿਲ, ਅਜਮੇਰ ਸਿੰਘ ਬਰਾੜ)- ਨਵੀਂ ਦਾਣਾ ਮੰਡੀ ਮਲੋਟ ਵਿਖੇ 23, 24 ਤੇ 25 ਫ਼ਰਵਰੀ ਤੱਕ ਕਰਵਾਏ ਗਏ ਤਿੰਨ ਰੋਜ਼ਾ 'ਗੁਰੂ ਮਾਨਿਓ ਗ੍ਰੰਥ' ਚੇਤਨਾ ਸਮਾਗਮ ਬੀਤੀ ਰਾਤ 'ਬੋਲੇ ਸੋ ਨਿਹਾਲ' ਦੇ ਗੂੰਜਦਿਆਂ ਜੈਕਾਰਿਆਂ ਨਾਲ ਸਮਾਪਤ ਹੋ ਗਏ | ਪਰਮੇਸ਼ਵਰ ਦੁਆਰ ਤੋਂ ਪਹੁੰਚੇ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਤਿੰਨ ਦਿਨਾਂ ਤੱਕ ਸੰਗਤ ਨੂੰ ਗੁਰਬਾਣੀ ਰਸ ਨਾਲ ਜੋੜਿਆ ਅਤੇ ਆਤਮਕ ਚੇਤਨਾ ਦਾ ਸੰਦੇਸ਼ ਦਿੱਤਾ | ਸਮਾਗਮ ਦੇ ਅਖ਼ੀਰਲੇ ਦਿਨ ਭਾਈ ਸਾਹਿਬ ਨੇ ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਪਵਿੱਤਰ ਬਾਣੀ ਦਾ ਉਚਾਰਣ ਕਰਦੇ ਹੋਏ ਵਿਚਾਰਾਂ ਦੀ ਸਾਂਝ ਪਾਈ ਅਤੇ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਮਨੁੱਖੀ ਜੀਵਨ ਨੂੰ ਸੰਵਾਰਨ ਵਾਲੀ ਰਾਹਦਾਰੀ ਹੈ ਅਤੇ ਇਸ 'ਤੇ ਅਮਲ ਕਰਨਾ ਹੀ ਅਸਲੀ ਸਿੱਖੀ ਹੈ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ | ਕਈ ਪੁਰਸ਼ਾਂ ਤੇ ਇਸਤਰੀਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਗੁਰੂਘਰ ਨਾਲ ਆਪਣਾ ਨਾਤਾ ਹੋਰ ਮਜ਼ਬੂਤ ਕੀਤਾ | ਮਲੋਟ ਸ਼ਹਿਰ ਤੋਂ ਇਲਾਵਾ ਬਠਿੰਡਾ, ਅਬੋਹਰ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, ਡੱਬਵਾਲੀ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਆਦਿ ਇਲਾਕਿਆਂ ਤੋਂ ਵੀ ਸੰਗਤਾਂ ਨੇ ਪਹੁੰਚ ਕੇ ਕੀਰਤਨ ਅਤੇ ਕਥਾ-ਵਿਚਾਰਾਂ ਦਾ ਲਾਭ ਲਿਆ | ਇਸ ਮੌਕੇ ਪੰਜਾਬ ਸਰਕਾਰ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸਾਬਕਾ ਵਿਧਾਇਕ ਮਲੋਟ ਹਰਪ੍ਰੀਤ ਸਿੰਘ ਕੋਟਭਾਈ, ਗਿੱਦੜਬਾਹਾ ਤੋਂ ਅਭੈ ਸਿੰਘ ਢਿੱਲੋਂ, ਮਾਰਕੀਟ ਕਮੇਟੀ ਮਲੋਟ ਦੇ ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ, ਸ਼ੈਲਰ ਯੂਨੀਅਨ ਦੇ ਪ੍ਰਧਾਨ ਵਿਨੋਦ ਗਰਗ, ਮਲੋਟ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸਿੰਘ ਸਮੇਤ ਕਈ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਦਾ ਭਾਈ ਸਾਹਿਬ ਵਲੋਂ ਸਨਮਾਨ ਕੀਤਾ ਗਿਆ | ਇਸੇ ਤਰ੍ਹਾਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਸਨਮਾਨ ਕਰਕੇ ਧੰਨਵਾਦ ਪ੍ਰਗਟਾਇਆ ਗਿਆ | ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਭਾਈ ਚਰਨਜੀਤ ਸਿੰਘ ਖ਼ਾਲਸਾ, ਬਲਾਕ ਲੰਬੀ ਦੇ ਕੋਆਰਡੀਨੇਟਰ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਸਮੇਤ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਭਾਈ ਸਾਹਿਬ ਦਾ ਸਨਮਾਨ ਕੀਤਾ | ਸਨਮਾਨ ਕਰਨ ਵਾਲਿਆਂ 'ਚ ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਮਲੋਟ, ਐੱਨ.ਆਰ.ਆਈਜ਼. ਪੇਰੈਂਟਸ ਐਸੋਸੀਏਸ਼ਨ, ਖ਼ਾਲਸਾ ਧਰਮ ਪ੍ਰਚਾਰ ਕਮੇਟੀ, ਲੋਕ ਭਲਾਈ ਮੰਚ ਅਤੇ ਗੁਰੂ ਗੋਬਿੰਦ ਸਿੰਘ ਮਿਸ਼ਨ ਦੇ ਪ੍ਰਧਾਨ ਆਦਿ ਸ਼ਾਮਿਲ ਸਨ | ਭਾਈ ਸਾਹਿਬ ਵਲੋਂ ਵੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਨਿਭਾਈਆਂ ਗਈਆਂ ਵਧੀਆ ਸੇਵਾਵਾਂ ਲਈ ਵੱਖ-ਵੱਖ ਕਮੇਟੀਆਂ ਤੇ ਸਹਿਯੋਗੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ | ਸੰਗਤ ਨੇ ਤਿੰਨ ਦਿਨਾਂ ਤੱਕ ਚੱਲੇ ਇਸ ਆਤਮਿਕ ਸਮਾਗਮ ਨੂੰ ਸ਼ਰਧਾ, ਉਤਸ਼ਾਹ ਤੇ ਅਨੁਸ਼ਾਸਨ ਨਾਲ ਮਨਾਇਆ ਅਤੇ ਅੰਤ ਵਿਚ ਅਰਦਾਸ ਉਪਰੰਤ ਸਮਾਗਮਾਂ ਦੀ ਸਮਾਪਤੀ ਹੋਈ | ਇਸ ਮੌਕੇ ਪੀ.ਏ. ਅਰਸ਼ਦੀਪ ਸਿੰਘ ਸਿੱਧੂ, ਰਮੇਸ਼ ਅਰਨੀਵਾਲਾ, ਪ੍ਰਬੰਧਕ ਅਮਰਜੀਤ ਸਿੰਘ ਵਿਰਦੀ, ਪ੍ਰਧਾਨ ਹਰਦੀਪ ਸਿੰਘ, ਜਸਦੇਵ ਸਿੰਘ ਸੰਧੂ, ਹਰਦੀਪ ਸਿੰਘ, ਪਰਮਜੀਤ ਸਿੰਘ ਨਾਗੀ, ਭਾਈ ਸਤਨਾਮ ਸਿੰਘ, ਸੁੱਖਬਹਾਲ ਸਿੰਘ, ਸੁਰਜੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਵਿਕਰਮਜੀਤ ਸਿੰਘ ਹਾਜ਼ਰ ਸਨ |