ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਬਿਜਲੀ ਟਰਾਂਸਫ਼ਾਰਮਰ ਤੇ ਟਿਊਬਵੈਲ ਮੋਟਰਾਂ ਕਿਸਾਨਾਂ ਦੇ ਖੇਤਾਂ ਵਿਚੋਂ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਤਰ੍ਹਾਂ ਹੀ ਪਿੰਡ ਜੰਡੋਕੇ ਤੇ ਸੱਕਾਂਵਾਲੀ ਦੀ ਹੱਦ ਤੋਂ ਰਾਤ ਨੂੰ 3 ਬਿਜਲੀ ਟਰਾਂਸਫ਼ਾਰਮਰਾਂ ਦੇ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਂਵਾਲੀ ਨੇ ਦੱਸਿਆ ਕਿ ਰਾਤ ਸਮੇਂ ਚੋਰਾਂ ਨੇ ਕਿਸਾਨਾਂ ਦੇ ਖੇਤਾਂ ਵਿਚ ਬਿਜਲੀ ਟਰਾਂਸਫ਼ਾਰਮਰਾਂ 'ਤੇ ਫ਼ਿਰ ਧਾਵਾ ਬੋਲਿਆ ਅਤੇ ਤਾਂਬੇ ਤੇ ਤੇਲ ਸਮੇਤ ਕੀਮਤੀ ਸਾਮਾਨ ਚੋਰੀ ਕਰਕੇ ਖ਼ਾਲੀ ਖੋਲ੍ਹ ਛੱਡ ਕੇ ਫ਼ਰਾਰ ਹੋ ਗਏ | ਉਨ੍ਹਾਂ ਕਿਹਾ ਕਿ ਸਰਹੰਦ ਫ਼ੀਡਰ ਵਿਚ ਬੰਦੀ ਹੋਣ ਕਰਕੇ ਲਗਾਤਾਰ ਰਜਬਾਹੇ ਤੇ ਕੱਸੀਆਂ ਸੁੱਕੇ ਪਏ ਹਨ ਅਤੇ ਅਚਾਨਕ ਤਾਪਮਾਨ ਵਧਣ ਕਰਕੇ ਕਣਕ ਦੀ ਫ਼ਸਲ ਨੂੰ ਪਾਣੀ ਦੀ ਲੋੜ ਹੈ, ਜੋ ਟਿਊਬਵੈਲਾਂ ਰਾਹੀਂ ਸਿੰਚਾਈ ਹੋਣੀ ਹੈ, ਪਰ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਨੂੰ ਖੇਤਾਂ ਵਿਚ ਪਾਣੀ ਲਾਉਣਾ ਵੀ ਮੁਸ਼ਕਿਲ ਹੋ ਗਿਆ ਹੈ | ਪਿਛਲੇ ਦਿਨਾਂ 'ਚ ਪਿੰਡ ਬੂੜਾ ਗੁੱਜਰ ਵਿਖੇ 18 ਮੋਟਰਾਂ ਚੋਰੀ ਹੋਣ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਟਰਾਂਸਫ਼ਾਰਮਰ ਚੋਰੀ ਹੋਏ ਸਨ, ਜਿਸ ਨਾਲ ਦੁਬਾਰਾ ਟਰਾਂਸਫ਼ਾਰਮਰ ਲਾਉਣ ਦੀ ਪ੍ਰਕਿਰਿਆ 'ਤੇ ਸਮਾਂ ਲੱਗ ਜਾਂਦਾ ਹੈ ਤੇ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ | ਪੁਲਿਸ ਪ੍ਰਸ਼ਾਸਨ ਅਜੇ ਤੱਕ ਕਿਸੇ ਵੀ ਚੋਰ ਗਿਰੋਹ ਦੇ ਮੈਂਬਰ ਨੂੰ ਕਾਬੂ ਕਰਨ ਵਿਚ ਸਫ਼ਲ ਨਹੀਂ ਹੋਇਆ, ਜਿਸ ਕਾਰਨ ਕਿਸਾਨਾਂ ਵਿਚ ਰੋਸ ਹੈ | ਦਿਨੋਂ-ਦਿਨ ਚੋਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਚੋਰੀਆਂ ਨੂੰ ਨੱਥ ਪਾਉਣ ਵਿਚ ਅਸਫ਼ਲ ਰਿਹਾ ਹੈ | ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਸਖ਼ਤੀ ਕੀਤੀ ਜਾਵੇ ਅਤੇ ਚੋਰਾਂ ਨੂੰ ਕਾਬੂ ਕੀਤਾ ਜਾਵੇ |