ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਤੇ ਵੱਡੀ ਗਿਣਤੀ 'ਚ ਇਲਾਕੇ ਦੀ ਲੋਕ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਨੇ ਕਿਹਾ ਕਿ ਪਿਛਲੀਆਂ ਰਾਜ ਭਾਗ ਕਰਕੇ ਗਈਆਂ ਸਰਕਾਰਾਂ ਨੇ ਸੂਬੇ ਬਾਰੇ ਨਹੀਂ ਸੋਚਿਆ, ਜਿਸ ਦਾ ਅਸੀਂ ਅੱਜ ਸੰਤਾਪ ਝੱਲ ਰਹੇ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਹੁਣ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ ਅਤੇ ਪੰਜਾਬ ਬਚਾਓ ਰੈਲੀਆਂ ਕਰ ਰਹੇ ਹਨ | ਪੰਜਾਬ ਦੀ ਜਵਾਨੀ ਨੂੰ ਚਿੱਟੇ ਨਸ਼ੇ ਤੋਂ ਬਚਾਉਣ ਤੇ ਗੁਰੂ ਲੜ ਲਾਉਣ ਲਈ ਭਾਈ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਬੀੜਾ ਚੁੱਕਿਆ ਗਿਆ, ਪਰ ਸਰਕਾਰਾਂ ਨੂੰ ਅਜਿਹਾ ਚੰਗਾ ਨਹੀਂ ਲੱਗਿਆ ਤੇ ਜਦੋਂ ਕੋਈ ਸਾਡੇ ਨੌਜਵਾਨ ਸਿੱਧੇ ਰਸਤੇ ਪੈਂਦੇ ਹਨ, ਹੱਕਾਂ ਦੀ ਗੱਲ ਕਰਦੇ ਹਨ, ਚੰਗਾ ਜੀਵਨ ਬਸਰ ਕਰਦੇ ਹਨ ਤਾਂ ਹੁਕਮਰਾਨਾਂ ਨੂੰ ਤਕਲੀਫ਼ ਆਉਂਦੀ ਹੈ | ਸਾਰੀਆਂ ਧਿਰਾਂ ਨੇ ਰੌਲਾ ਪਾਇਆ, ਜਿਸ ਮਗਰੋਂ ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ | ਉਨ੍ਹਾਂ ਨੂੰ ਅਜੇ ਤੱਕ ਜਮਾਨਤ ਨਹੀਂ ਦਿੱਤੀ | ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਹੀ ਇਸ ਅਕਾਲੀ ਦਲ ਦਾ ਆਗਾਜ਼ ਹੋਇਆ ਸੀ ਤੇ ਅੱਜ ਵੀ ਇਸ ਧਰਤੀ ਤੋਂ ਪ੍ਰਣ ਕਰੀਏ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ, ਭਿ੍ਸ਼ਟਾਚਾਰ ਤੋਂ ਮੁਕਤ ਅਤੇ ਬੁਰਾਈਆਂ ਤੋਂ ਮੁਕਤ ਕਰਨ ਲਈ ਸਾਰੇ ਇਕੱਠੇ ਹੋ ਕੇ ਹੰਭਲਾ ਮਾਰੀਏ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ 2027 ਵਿਚ ਸਰਕਾਰ-ਏ-ਖ਼ਾਲਸਾ ਬਣਾਉਣ ਦੀ ਲੋੜ ਹੈ, ਜੋ ਸਰਬੱਤ ਦੇ ਭਲੇ ਵਾਲੀ ਸਰਕਾਰ ਹੋਵੇ ਅਤੇ ਅਸੀਂ ਵੀ ਪੰਜਾਬ ਦੇ ਵਾਰਿਸ ਹੋਣ ਦਾ ਫ਼ਰਜ਼ ਨਿਭਾਈਏ | ਮੀਟਿੰਗ ਨੂੰ ਪਾਰਟੀ ਦੇ ਮੁੱਖ ਬੁਲਾਰੇ ਤੇਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਕਿ੍ਸ਼ਨ ਸਿੰਘ ਰੁਪਾਣਾ, ਪ੍ਰਮੁੱਖ ਆਗੂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਜੌਹਲ, ਸ਼ਿਵਕੰਵਰ ਸਿੰਘ ਸੰਧੂ, ਮਨਿੰਦਰ ਸਿੰਘ ਖ਼ਾਲਸਾ, ਨਿਰਮਲ ਸਿੰਘ ਜੱਸੇਆਣਾ, ਦਰਸ਼ਨ ਸਿੰਘ ਸਰਾਂ, ਜਗਦੇਵ ਸਿੰਘ ਸਮਾਘ, ਪਰਮਜੀਤ ਸਿੰਘ ਰਾਜਾ ਤਾਮਕੋਟ, ਕੁਲਵੰਤ ਸਿੰਘ ਸਮਾਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਬੂਟਾ ਸਿੰਘ ਖ਼ਾਲਸਾ, ਸਤਪਾਲ ਸਿੰਘ ਦੋਦਾ, ਗੁਮਦੂਰ ਸਿੰਘ ਫੂਲੇਵਾਲਾ, ਨਿਰਮਲ ਸਿੰਘ ਨਿੰਮਾ, ਗੁਰਿੰਦਰ ਸਿੰਘ ਗੈਰੀ, ਅਨਮੋਲ ਸਿੰਘ ਬਰਾੜ, ਨਵਜੋਤ ਸਿੰਘ, ਡਾ. ਅਵਤਾਰ ਸਿੰਘ ਫ਼ਿਰੋਜ਼ਪੁਰ, ਬੱਗੀ ਸਿੰਘ, ਭਾਨ ਚੰਦ, ਨਾਇਬ ਸਿੰਘ, ਬੌਬੀ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਬੁਲਾਰੇ ਤਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਪਰਮਜੀਤ ਸਿੰਘ ਰਾਜਾ ਤਾਮਕੋਟ, ਕੁਲਵੰਤ ਸਿੰਘ ਸਮਾਘ, ਰਮਨਦੀਪ ਸਿੰਘ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਏ ਹਨ, ਜਿਨ੍ਹਾਂ ਦਾ ਸਿਰੋਪਾਓ ਪਾ ਕੇ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ |