ਗਿੱਦੜਬਾਹਾ, 8 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਅਧੀਨ 2 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਦੋਂਕਿ ਮੁਕੱਦਮੇ ਵਿਚ ਨਾਮਜ਼ਦ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਅਵਤਾਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਬੈਂਟਾਬਾਦ ਗਿੱਦੜਬਾਹਾ ਨੇ ਦੱਸਿਆ ਕਿ ਉਸ ਦੀ ਇਕ ਲੜਕੀ ਦਿਨਪ੍ਰੀਤ ਕੌਰ ਹੈ, ਜਿਸ ਨੇ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ ਆਈਲੈਟਸ ਤੇ ਪੀ.ਟੀ.ਈ. ਕੀਤੀ ਹੋਈ ਹੈ | ਉਸ ਦੀ ਲੜਕੀ ਉਚੇਰੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੀ ਸੀ, ਜਿਸ ਸੰਬੰਧੀ ਉਹ ਚਾਰਾਜੋਈ ਕਰ ਰਹੇ ਸਨ | ਇਸੇ ਦੌਰਾਨ ਉਨ੍ਹਾਂ ਨੂੰ ਬੀਤੀ 31 ਮਈ 2025 ਨੂੰ ਇੰਸਟਗ੍ਰਾਮ 'ਤੇ ਇਕ ਇਸ਼ਤਿਹਾਰ ਤੋਂ ਪਤਾ ਲੱਗਾ ਕਿ ਮਨਦੀਪ ਸਿੰਘ ਪੁੱਤਰ ਰਾਜਿੰਦਰ ਕੁਮਾਰ ਵਾਸੀ ਵਾਰਡ ਨੰਬਰ 4 ਲਹਿਰੀ ਰੋਡ ਖੰਨਾ ਹਾਲ ਆਬਾਦ ਫਲੈਟ ਨੰਬਰ 501 ਸੈਕਟਰ 91, ਲਾਂਡਰਾ ਜ਼ਿਲ੍ਹਾ ਐੱਸ.ਏ.ਐਸ. ਨਗਰ ਮੋਹਾਲੀ ਤੇ ਮਨਵੀਰ ਸਿੰਘ ਵਾਸੀ ਗਲੀ ਨੰਬਰ 12 ਸ਼ਾਸ਼ਤਰੀ ਨਗਰ ਮੰਡੀ ਗੋਬਿੰਦਗੜ੍ਹ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦਾ ਵੀਜਾ ਲਗਵਾ ਕੇ ਦਿੰਦੇ ਹਨ ਅਤੇ ਸਾਰੇ ਪੈਸੇ ਵੀ ਵੀਜਾ ਲੱਗਣ ਤੋਂ ਬਾਅਦ ਲੈਣ ਦਾ ਵਾਅਦਾ ਕਰਦੇ ਹਨ | ਉਨ੍ਹਾਂ ਵਲੋਂ ਉਕਤਾਨ ਨਾਲ ਸੰਪਰਕ ਕਰਨ 'ਤੇ ਉਕਤ ਵਿਅਕਤੀਆਂ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਰੇ ਪੈਸੇ ਆਸਟੇ੍ਰਲੀਆ ਦਾ ਵੀਜਾ ਲੱਗਣ ਤੋਂ ਬਾਅਦ ਲੈਣਗੇ ਅਤੇ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ | ਉਕਤਾਨ ਨੇ ਮੇਰੀ ਲੜਕੀ ਦੇ ਪੜ੍ਹਾਈ ਦੇ ਸਰਟੀਫ਼ਿਕੇਟ ਅਤੇ ਹੋਰ ਦਸਤਾਵੇਜ਼ ਮੰਗਵਾ ਲਏ ਅਤੇ ਵਿਸ਼ਵਾਸ਼ ਦਿਵਾਇਆ ਕਿ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਫਾਇਲ ਲੱਗ ਜਾਵੇਗੀ, ਜਿਸ ਤੋਂ ਬਾਅਦ ਉਕਤਾਨ ਨੇ ਉਸ ਪਾਸੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ 'ਤੇ ਉਸ ਨੇ ਆਪਣੇ ਦੋਸਤ ਹਰੀ ਓਮ ਦੀ ਹਾਜ਼ਰੀ ਵਿਚ ਉਕਤਾਨ ਦੇ ਦਫ਼ਤਰ ਵਿਖੇ ਜਾ ਕੇ ਅਦਾਇਗੀ ਕੀਤੀ ਸੀ | ਇਸ ਤੋਂ ਬਾਅਦ ਉਕਤਾਨ ਵਿਅਕਤੀਆਂ ਨੇ ਕਿਹਾ ਕਿ ਉਸ ਦੀ ਲੜਕੀ ਦੇ ਖ਼ਾਤੇ ਵਿਚ ਕੁਝ ਰਾਸ਼ੀ ਦਿਖਾਉਣੀ ਪਵੇਗੀ, ਜਿਸ 'ਤੇ ਸਟੂਡੈਂਟ ਲੋਨ ਲਿਆ ਜਾਵੇਗਾ | ਉਨ੍ਹਾਂ ਵਲੋਂ ਵੱਖ-ਵੱਖ ਤਰੀਕਾਂਵਿਚ ਉਕਤਾਨ ਨੂੰ ਕੁੱਲ 14 ਲੱਖ 80 ਹਜ਼ਾਰ ਰੁਪਏ ਦੇ ਦਿੱਤੇ ਗਏ | ਇਸ ਤੋਂ ਬਾਅਦ ਉਕਤਾਨ ਨੇ ਉਨ੍ਹਾਂ ਨੂੰ ਦੱਸਿਆ ਕਿ 25 ਅਕਤੂਬਰ 2025 ਨੂੰ ਉਸ ਦੀ ਲੜਕੀ ਦੀ ਫਲਾਇਟ ਦੀ ਟਿਕਟ ਬੁੱਕ ਕਰਵਾ ਦਿਓ ਅਤੇ ਸਾਨੂੰ ਵੀਜਾ ਨਾਲ ਸੰਬੰਧਿਤ ਦਸਤਾਵੇਜ਼ ਵੀ ਦਿਖਾਏ ਅਤੇ ਵਿਸ਼ਵਾਸ਼ ਦਿਵਾਇਆ ਕਿ ਸਾਰੇ ਦਸਤਾਵੇਜ਼ ਠੀਕ ਹਨ ਤੇ ਕੋਈ ਦਿੱਕਤ ਪੇਸ਼ ਨਹੀਂ ਆਵੇਗੀ | ਉਕਤਾਨ ਵਲੋਂ ਦਿੱਤੇ ਦਸਤਾਵੇਜ਼ਾਂ ਉਪਰ ਦਰਜ ਨੰਬਰਾਂ ਨੂੰ ਫਲਿਊਡ ਨਾਲ ਛੁਪਾਇਆ ਗਿਆ ਸੀ, ਜਿਸ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਜਾਂਚ ਕਰਨ 'ਤੇ ਉਨ੍ਹਾਂ ਪਤਾ ਲੱਗਾ ਕਿ ਉਕਤ ਸਾਰੇ ਦਸਤਾਵੇਜ਼ ਫਰਜ਼ੀ ਹਨ | ਜਿਸ ਸੰਬੰਧੀ ਉਹ ਇਕ ਪੰਚਾਇਤ ਲੈ ਕੇ ਵੀ ਉਕਤ ਵਿਅਕਤੀਆਂ ਦੇ ਦਫ਼ਤਰ ਵਿਖੇ ਗਏ ਅਤੇ ਸਹੀ ਦਸਤਾਵੇਜ਼ਾਂ ਦੀ ਮੰਗ ਕੀਤੀ, ਜਿਸ 'ਤੇ ਉਕਤਾਨ ਉਨ੍ਹਾਂ ਨੂੰ ਲਾਅਰੇ ਲਗਾਉਣ ਲੱਗੇ | ਬੀਤੀ 2 ਦਸੰਬਰ 2025 ਨੂੰ ਜਦੋਂ ਉਹ ਮੁੜ ਉਨ੍ਹਾਂ ਦੇ ਦਫ਼ਤਰ ਵਿਖੇ ਗਏ ਤਾਂ ਉਹ ਫ਼ਿਰ ਟਾਲ-ਮਟੋਲ ਕਰਨ ਲੱਗੇ | ਜਿਸ 'ਤੇ ਉਨ੍ਹਾਂ ਵਲੋਂ ਦਿੱਤੇ ਗਏ 14 ਲੱਖ 85 ਹਜ਼ਾਰ ਰੁਪਏ ਦੀ ਮੰਗ ਕਰਨ ਤੇ ਉਕਤ ਵਿਅਕਤੀ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ | ਉਕਤ ਮਾਮਲੇ ਵਿਚ ਪੁਲਿਸ ਨੇ ਮਨਦੀਪ ਸਿੰਘ ਅਤੇ ਮਨਵੀਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |