ਸਾਦਿਕ, 8 ਅਪ੍ਰੈਲ (ਆਰ. ਐਸ. ਧੁੰਨਾ)-ਸਮਾਜ ਸੇਵਾ ਦੇ ਕੰਮਾਂ ਵਿਚ ਆਪਣਾ ਮੋਹਰੀ ਰੋਲ ਨਿਭਾਉਣ ਵਾਲੀ ਪੀਰ ਈਸ਼ਾ ਜੀ ਵੈੱਲਫੇਅਰ ਸੁਸਾਇਟੀ ਸਾਦਿਕ ਦੇ ਸਰਪ੍ਰਸਤ ਡਾ. ਸੰਤੋਖ ਸਿੰਘ ਸੰਧੂ ਅਤੇ ਗੁਲਜੀਤ ਸਿੰਘ ਢਿੱਲੋਂ ਢਿੱਲਵਾਂ ਖੁਰਦ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੁਸਾਇਟੀ ਵਲੋਂ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੂਸਰਾ ਸਾਲਾਨਾ ਧਾਰਮਿਕ ਸਮਾਗਮ ਤੇ ਸਨਮਾਨ ਸਮਾਗਮ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸਾਦਿਕ ਦੇ ਮੁੱਖ ਚੌਂਕ ਵਿਖੇ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਦਿਨ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਰਾਗੀ ਜਥੇ ਵਲੋਂ ਕਥਾ ਕੀਰਤਨ ਕੀਤਾ ਜਾਵੇਗਾ ਤੇ ਗੁਰਦੁਆਰਾ ਸੁਖਮਨੀ ਸਾਹਿਬ ਸਾਦਿਕ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਸੋਨੂੰ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਨਗੇ | ਉਨ੍ਹਾਂ ਦੱਸਿਆ ਕਿ ਇਸ ਉਪਰੰਤ ਵਿਸ਼ੇਸ਼ ਉਪਲਬਧੀਆਂ ਵਾਲੇ ਇਲਾਕੇ ਦੇ ਲੜਕੇ/ਲੜਕੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |