ਸ੍ਰੀ ਮੁਕਤਸਰ ਸਾਹਿਬ, 9 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜਨਗਣਨਾ 2027 ਨੂੰ ਸੁਚਾਰੂ, ਸਹੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਇਸ ਸੰਬੰਧੀ ਉਪ ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਡੀ.ਸੀ. ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਮਕਾਨ ਸੂਚੀਕਰਨ ਤੇ ਮਕਾਨਾਂ ਦੀ ਗਿਣਤੀ ਸੰਬੰਧੀ ਫ਼ੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਅੱਜ ਸਮਾਪਤ ਹੋ ਗਈ | ਟ੍ਰੇਨਿੰਗ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ ਵਲੋਂ ਸਾਰੇ ਟਰੇਨਰਾਂ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ 2027 ਦੇ ਕੰਮਾਂ ਵਿਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਤੇ ਜ਼ਿੰਮੇਵਾਰੀ ਪੂਰੀ ਨਿਸ਼ਠਾ ਤੇ ਸਮੇਂ ਸਿਰ ਨਿਭਾਈਆਂ ਜਾਣ | ਜਨਗਣਨਾ ਦੇ ਸਫ਼ਲ ਆਯੋਜਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਪਹਿਲੇ ਫੇਜ਼ ਤਹਿਤ ਤਿੰਨ ਦਿਨਾਂ ਵਿਸ਼ੇਸ਼ ਟ੍ਰੇਨਿੰਗ ਤਹਿਤ ਮਾਸਟਰ ਟਰੇਨਰ ਹਰਪ੍ਰੀਤ ਸਿੰਘ ਤੇ ਡਾਇਰੈਕਟਰ ਸੈਂਸਜ ਓਪਰੇਸ਼ਨ ਦੇ ਨੁਮਾਇੰਦੇ ਵਿਨੋਦ ਕੁਮਾਰ ਵਲੋਂ ਫ਼ੀਲਡ ਟਰੇਨਰਾਂ ਨੂੰ ਟ੍ਰੇਨਿੰਗ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ 30 ਅਪ੍ਰੈਲ ਤੋਂ 14 ਮਈ 2026 ਤੱਕ 15 ਦਿਨ ਲਈ ਪੋਰਟਲ ਖੋਲਿ੍ਹਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਖ਼ੁਦ ਆਨਲਾਈਨ ਦਰਜ ਕਰ ਸਕੇਗਾ | ਇਸ ਮੌਕੇ ਅੰਕੜਾ ਵਿਭਾਗ ਦੇ ਡਿਪਟੀ ਈ.ਐੱਸ.ਏ. ਰੁਪਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ |