ਗਿੱਦੜਬਾਹਾ, 15 ਅਪ੍ਰੈਲ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਇਕ ਔਰਤ ਨੂੰ ਡੋਡਾ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕਰ ਲਿਆ, ਜਦਕਿ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਪੁਲਿਸ ਨੇ ਪਤੀ-ਪਤਨੀ ਦੋਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮੁਕੱਦਮੇ ਵਿਚ ਨਾਮਜ਼ਦ ਕਥਿਤ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਗਿੱਦੜਬਾਹਾ ਪੁਲਿਸ ਨੇ ਪਿੰਡ ਪਿਉਰੀ ਤੋਂ ਜੰਗੀਰਾਣਾ ਸੜਕ 'ਤੇ ਨਾਕਾਬੰਦੀ ਕੀਤੀ ਸੀ ਤਾਂ ਇਸੇ ਦੌਰਾਨ ਪਿੰਡ ਜੰਗੀਰਾਣਾ ਦੀ ਤਰਫ਼ੋਂ ਇਕ ਕਾਰ ਮਾਰਕਾ ਹੌਂਡਾ ਸਿਟੀ ਨੰਬਰ ਡੀ.ਐੱਲ. 8 ਸੀ.ਐੱਲ. 6495 ਆਉਂਦੀ ਦਿਖਾਈ ਦਿੱਤੀ | ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਜਦੋਂ ਕਾਰ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਰੁਕਣ ਦੀ ਬਜਾਏ, ਕਾਰ ਨੂੰ ਭਜਾ ਲਿਆ | ਕਾਰ ਦੀ ਅਗਲੀ ਸੀਟ ਦੇ ਚਾਲਕ ਦੇ ਨਾਲ ਇਕ ਮਹਿਲਾ ਵੀ ਬੈਠੀ ਸੀ | ਪੁਲਿਸ ਵਲੋਂ ਕਾਰ ਦਾ ਪਿੱਛਾ ਕਰਨ 'ਤੇ ਉਕਤ ਕਾਰ ਫਿਰਨੀ ਪਿੰਡ ਪਿਉਰੀ ਤੋਂ ਹੁੰਦੀ ਹੋਈ ਇਕ ਘਰ ਦੇ ਸਾਹਮਣੇ ਵਾੜੇ ਵਿਚ ਚਲੀ ਗਈ | ਇਸੇ ਦੌਰਾਨ ਕਾਰ ਚਾਲਕ ਕਾਰ ਵਿਚੋਂ ਨਿਕਲ ਦੇ ਖੇਤਾਂ ਵੱਲ ਦੌੜ ਗਿਆ, ਜਦਕਿ ਕਾਰ ਵਿਚ ਮੌਜੂਦ ਮਹਿਲਾ ਨੂੰ ਮਹਿਲਾ ਸੀਨੀਅਰ ਸਿਪਾਹੀ ਅਮਨਪ੍ਰੀਤ ਕੌਰ ਨੇ ਕਾਬੂ ਕਰਕੇ ਜਦੋਂ ਉਸ ਦਾ ਨਾਂਅ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਗਗਨਜੀਤ ਕੌਰ ਪਤਨੀ ਬਲਦੇਵ ਸਿੰਘ ਅਤੇ ਕਾਰ ਵਿਚੋਂ ਭੱਜੇ ਕਾਰ ਚਾਲਕ ਦਾ ਨਾਂਅ ਬਲਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਪਿੰਡ ਪਿਉਰੀ ਹੋਣਾ ਦੱਸਿਆ | ਪੁਲਿਸ ਵਲੋਂ ਤਲਾਸ਼ੀ ਲੈਣ 'ਤੇ ਕਾਰ ਦੀ ਪਿਛਲੀ ਸੀਟ 'ਤੇ ਪਏ ਪਲਾਸਟਿਕ ਦੇ ਗੱਟੇ ਵਿਚੋਂ 21 ਕਿੱਲੋ 755 ਗ੍ਰਾਮ ਡੋਡਾ ਚੂਰਾ ਪੋਸਤ ਬਰਾਮਦ ਹੋਇਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਕਾਰ ਤੇ 21 ਕਿੱਲੋ 755 ਗ੍ਰਾਮ ਡੋਡਾ ਚੂਰਾ ਪੋਸਤ ਬਰਾਮਦ ਕਰਦੇ ਹੋਏ ਕਥਿਤ ਦੋਸ਼ੀਆਨ ਗਗਨਜੀਤ ਕੌਰ ਅਤੇ ਇਸ ਦੇ ਪਤੀ ਬਲਦੇਵ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿਚ ਨਾਮਜ਼ਦ ਬਲਦੇਵ ਸਿੰਘ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ |