ਗਿੱਦੜਬਾਹਾ, 15 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਬੇਸਹਾਰਾ ਨੰਦੀ ਗਊਸ਼ਾਲਾ ਭਾਰੂ ਵਿਖੇ ਸਮੂਹ ਸੇਵਾਦਾਰਾਂ ਦੀ ਮੀਟਿੰਗ ਹੋਈ, ਜਿਸ 'ਚ ਹਰਦੀਪ ਸਿੰਘ ਦੇਦ ਨੂੰ ਚੌਥੀ ਵਾਰ ਪ੍ਰਧਾਨ ਚੁਣ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਗਿੱਦੜਬਾਹਾ ਦੇ ਨਾਲ ਲਗਦੇ ਪਿੰਡ ਭਾਰੂ ਵਿਖੇ ਕੁੱਝ ਸਮਾਜ ਸੇਵਾ ਨਾਲ ਜੁੜੇ ਨੌਜਵਾਨਾਂ ਵਲੋਂ ਉਸ ਸਮੇਂ ਗਊਸ਼ਾਲਾ ਚਲਾਉਣ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ, ਜਦੋਂ ਪਸ਼ੂਆਂ 'ਚ ਲੰਪੀ ਸਕਿੱਨ ਦੀ ਬਿਮਾਰੀ ਫ਼ੈਲੀ ਹੋਈ ਸੀ | ਉਕਤ ਜਗ੍ਹਾ 'ਚ ਕੁਝ ਨੌਜਵਾਨਾਂ ਨੇ ਬੇਸਹਾਰਾ ਗਾਵਾਂ ਨੂੰ ਇਕੱਠਾ ਕਰਕੇ ਉਨ੍ਹਾਂ ਦਾ ਇਲਾਜ ਕਰਵਾਇਆ ਤੇ ਉਪਰੰਤ ਫ਼ਿਰ ਗਾਵਾਂ ਦੀ ਪੱਕੇ ਤੌਰ 'ਤੇ ਸਾਂਭ-ਸੰਭਾਲ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਨਵ-ਨਿਯੁਕਤ ਮੁੱਖ ਸੇਵਾਦਾਰ ਹਰਦੀਪ ਸਿੰਘ ਦੇਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਈ ਵੀ ਤਨਖ਼ਾਹ 'ਤੇ ਮਜ਼ਦੂਰ ਨਹੀਂ ਰੱਖਿਆ ਹੋਇਆ ਤੇ ਡੇਢ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਤੜਕਸਾਰ ਗਾਵਾਂ ਦੀ ਸੇਵਾ ਆਪਣੇ ਹੱਥੀਂ ਕੀਤੀ ਜਾਂਦੀ ਹੈ | ਜਗ੍ਹਾ ਦੀ ਸਾਫ਼-ਸਫ਼ਾਈ ਤੇ ਹਰਾ ਚਾਰਾ ਪਾਉਣ ਦਾ ਸਾਰਾ ਕੰਮ ਉਹ ਆਪ ਹੀ ਕਰਦੇ ਹਨ | ਕੁਝ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਡੇਢ ਕੁ ਏਕੜ ਜ਼ਮੀਨ ਗਊਸ਼ਾਲਾ ਬਣਾਉਣ ਲਈ ਖ਼ਰੀਦ ਲਈ ਹੈ, ਜਿੱਥੇ ਨਵੀਂ ਤਕਨੀਕ ਨਾਲ ਗਊਸ਼ਾਲਾ ਦੀ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ | ਇਸ ਮੌਕੇ ਪੁਲਿਸ ਦੇ ਸੇਵਾ ਮੁਕਤ ਇੰਸਪੈਕਟਰ ਗੁਰਤੇਜ ਸਿੰਘ ਸਰਾਂ, ਵਿੱਕੀ ਬੰਬੇ ਡਾਇੰਗ ਸਰਪ੍ਰਸਤ,, ਚਿਮਨ ਲਾਲ ਤੇ ਸੰਦੀਪ ਵਰਮਾ ਖ਼ਜ਼ਾਨਚੀ, ਰਵੀ ਸਕੱਤਰ, ਮਨਪ੍ਰੀਤ ਸਿੰਘ ਮੰਨਾ ਵਾਈਸ ਪ੍ਰਧਾਨ, ਹੈਪੀ ਭਾਰੂ, ਰਾਜਪ੍ਰੀਤ, ਪਿਊਸ਼, ਯਸ਼ਪਾਲ ਘੰੁਗਰੂ, ਬਾਬਾ ਓਸ਼ੋ, ਗਮਦੂਰ ਸਿੰਘ, ਮੇਜਰ ਸਿੰਘ, ਦੁਸ਼ਾਂਤ ਸ਼ਰਮਾ, ਅਜੈ ਗੋਇਲ, ਸੋਹਿਤ ਜੈਨ, ਬਬਲੀ ਜੈਨ ਆਦਿ ਸੇਵਾਦਾਰ ਹਾਜ਼ਰ ਸਨ |