ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਮਈ 2026 ਦੀਆਂ ਪ੍ਰੀਖਿਆਵਾਂ ਦੇ ਘੋਸ਼ਿਤ ਕੀਤੇ ਗਏ ਨਤੀਜਿਆਂ ਵਿਚੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐੱਮ.ਏ. ਭਾਗ ਪਹਿਲਾ ਸਮੈਸਟਰ ਦੂਜਾ ਦਾ ਸ਼ਾਨਦਾਰ ਨਤੀਜਾ ਰਿਹਾ ਹੈ। ਵਿਭਾਗ ਦੇ ਮੁਖੀ ਡਾ. ਰਾਣਾ ਬਲਜਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥਣ ਰਮਨਦੀਪ ਕੌਰ ਸਪੁੱਤਰੀ ਦਰਸ਼ਨ ਸਿੰਘ ਨੇ 83 ਪ੍ਰਤੀਸ਼ਤ ਅੰਕਾਂ ਨਾਲ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਤੀਜਾ ਤੇ ਕਾਲਜ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਜਸਨੂਰ ਕੌਰ ਸਪੁੱਤਰੀ ਨੱਥਾ ਸਿੰਘ ਨੇ 81 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਸਹਿਜਪ੍ਰੀਤ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ 78.2 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਪ੍ਰਿੰਸੀਪਲ ਡਾ. ਸਰਬਜੀਤ ਕੌਰ ਨੇ ਵਿਭਾਗ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਕਾਲਜ ਦੀ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।