15 ਸਾਲਾਂ ਤੋਂ ਸੀਵਰੇਜ ਦੀ ਮਾਰ ਝੱਲ ਰਹੇ ਮੋਹਨ ਲਾਲ ਵਾਲੀ ਗਲੀ ਦੇ ਵਾਸੀ
ਪ੍ਰਸ਼ਾਸਨ ਦੀ ਬੇਰੁਖ਼ੀ ਤੋਂ ਅੱਕੇ, ਨਵਾਂ ਸੀਵਰੇਜ ਪਾ ਕੇ ਪੱਕਾ ਹੱਲ ਕਰਨ ਦੀ ਉੱਠੀ ਮੰਗ
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਸਮੇਂ ਪੋਸ਼ ਏਰੀਆ ਮੰਨੇ ਜਾਂਦੇ ਖੇਤਰ ਦੀ ਮੋਹਨ ਲਾਲ ਵਾਲੀ ਗਲੀ ਨੰਬਰ 3 ਅੱਜ ਪ੍ਰਸ਼ਾਸਨਿਕ ਅਣਦੇਖੀ ਕਾਰਨ ਸੀਵਰੇਜ ਦੇ ਨਰਕ ਵਿਚ ਤਬਦੀਲ ਹੋ ਚੁੱਕੀ ਹੈ। ਪਿਛਲੇ 15 ਸਾਲਾਂ ਤੋਂ ਨਿਰੰਤਰ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ, ਭਿਆਨਕ ਬਦਬੂ ਅਤੇ ਮੱਛਰਾਂ ਦੇ ਪ੍ਰਕੋਪ ਤੋਂ ਤੰਗ ਆ ਕੇ ਇੱਥੋਂ ਦੇ ਵਾਸੀ ਆਪਣੇ ਪੁਰਖਿਆਂ ਦੇ ਘਰ ਵੇਚ ਕੇ ਪ੍ਰਵਾਸ ਕਰਨ ਲਈ ਮਜ਼ਬੂਰ ਹੋ ਗਏ ਹਨ।
ਸ
ਸ੍ਰੀ ਮੁਕਤਸਰ ਸਾਹਿਬ ਦੀ ਮੋਹਨ ਲਾਲ ਵਾਲੀ ਗਲੀ ਨੰਬਰ 3 ਵਿਚ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ ਅਤੇ ਪ੍ਰਸ਼ਾਸਨਿਕ ਨਾਕਾਮੀ ਖ਼ਿਲਾਫ਼ ਰੋਸ ਪ੍ਰਗਟਾਉਂਦੇ ਗਲੀ ਵਾਸੀ।
04-08-2026
ਸ੍ਰੀ ਮੁਕਤਸਰ ਸਾਹਿਬ, 3 ਅਗਸਤ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਸਮੇਂ ਪੋਸ਼ ਏਰੀਆ ਮੰਨੇ ਜਾਂਦੇ ਖੇਤਰ ਦੀ ਮੋਹਨ ਲਾਲ ਵਾਲੀ ਗਲੀ ਨੰਬਰ 3 ਅੱਜ ਪ੍ਰਸ਼ਾਸਨਿਕ ਅਣਦੇਖੀ ਕਾਰਨ ਸੀਵਰੇਜ ਦੇ ਨਰਕ ਵਿਚ ਤਬਦੀਲ ਹੋ ਚੁੱਕੀ ਹੈ। ਪਿਛਲੇ 15 ਸਾਲਾਂ ਤੋਂ ਨਿਰੰਤਰ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ, ਭਿਆਨਕ ਬਦਬੂ ਅਤੇ ਮੱਛਰਾਂ ਦੇ ਪ੍ਰਕੋਪ ਤੋਂ ਤੰਗ ਆ ਕੇ ਇੱਥੋਂ ਦੇ ਵਾਸੀ ਆਪਣੇ ਪੁਰਖਿਆਂ ਦੇ ਘਰ ਵੇਚ ਕੇ ਪ੍ਰਵਾਸ ਕਰਨ ਲਈ ਮਜ਼ਬੂਰ ਹੋ ਗਏ ਹਨ। ਦੁਖਦ ਪਹਿਲੂ ਇਹ ਹੈ ਕਿ ਗਲੀ ਦੀ ਖ਼ਸਤਾ ਹਾਲਤ ਦੇਖ ਕੇ ਹੁਣ ਕੋਈ ਖ਼ਰੀਦਦਾਰ ਇੱਥੇ ਮਕਾਨ ਲੈਣ ਲਈ ਵੀ ਤਿਆਰ ਨਹੀਂ ਹੈ। ਗਲੀ ਵਿਚ ਹਰ ਵੇਲੇ ਓਵਰਫ਼ਲੋ ਹੁੰਦਾ ਗੰਦਾ ਪਾਣੀ ਲੋਕਾਂ ਦੀਆਂ ਦਹਿਲੀਜ਼ਾਂ ਲੰਘ ਕੇ ਘਰਾਂ ਦੇ ਅੰਦਰ ਵੜ ਰਿਹਾ ਹੈ, ਜਿਸ ਕਾਰਨ ਸਥਾਨਕ ਨਿਵਾਸੀ ਇਸੇ ਬਦਬੂਦਾਰ ਪਾਣੀ ਵਿਚੋਂ ਲੰਘ ਕੇ ਆਉਣ-ਜਾਣ ਲਈ ਮਜ਼ਬੂਰ ਹਨ। ਗਲੀ ਦੇ ਵਾਸੀ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਕੁਲਬੀਰ ਸਿੰਘ, ਅਮਨ ਠਾਕੁਰ, ਲਵਲੀ, ਵੀਨਾ ਰਾਣੀ, ਆਸ਼ਾ ਰਾਣੀ, ਪਰਮਜੀਤ ਅਤੇ ਗੌਰਵ ਕੁਮਾਰ ਨੇ ਆਪਣੇ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਨਗਰ ਕੌਂਸਲ ਤੋਂ ਲੈ ਕੇ ਜਨ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਦੇ ਬੂਹੇ ਖੜਕਾ-ਖੜਕਾ ਕੇ ਥੱਕ ਚੁੱਕੇ ਹਨ, ਪਰ ਕਿਸੇ ਵੀ ਜ਼ਿੰਮੇਵਾਰ ਅਧਿਕਾਰੀਆਂ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਪੀੜਤਾਂ ਨੇ ਦੱਸਿਆ ਕਿ ਦੂਸ਼ਿਤ ਪਾਣੀ ਤੇ ਮੱਛਰਾਂ ਦੀ ਭਰਮਾਰ ਕਾਰਨ ਘਰਾਂ ਵਿਚ ਬੱਚੇ ਲਗਾਤਾਰ ਬਿਮਾਰ ਰਹਿਣ ਲੱਗੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਨਰਕ ਭਰੇ ਮਾਹੌਲ ਕਾਰਨ ਰਿਸ਼ਤੇਦਾਰਾਂ ਤੇ ਸਾਕ-ਸੰਬੰਧੀਆਂ ਨੇ ਵੀ ਇੱਥੇ ਆਉਣਾ ਛੱਡ ਦਿੱਤਾ ਹੈ, ਜਿਸ ਨਾਲ ਉਹ ਆਪਣੇ-ਆਪ ਨੂੰ ਸਮਾਜ ਨਾਲੋਂ ਕੱਟੇ ਹੋਏ ਮਹਿਸੂਸ ਕਰ ਰਹੇ ਹਨ। ਵਿਭਾਗੀ ਕਾਰਵਾਈ ’ਤੇ ਰੋਸ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਜਨ ਸਿਹਤ ਵਿਭਾਗ ਦੇ ਮੁਲਾਜ਼ਮ ਕਦੇ-ਕਦਾਈਂ ਬਾਂਸ ਮਾਰ ਕੇ ਡੰਗ-ਟਪਾਊ ਕੰਮ ਕਰ ਜਾਂਦੇ ਹਨ, ਜਦਕਿ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਇਸ ਗਲੀ ਵਿਚ ਤੁਰੰਤ ਨਵਾਂ ਸੀਵਰੇਜ ਪਾਇਆ ਜਾਵੇ, ਤਾਂ ਜੋ ਇਸ ਵਿਕਰਾਲ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਇਸ ਸੰਬੰਧੀ ਜਦੋਂ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਇਸ ਖੇਤਰ ਵਿਚ ਨਵੀਂ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਨਵਾਂ ਪ੍ਰੋਜੈਕਟ ਸਿਰੇ ਨਹੀਂ ਚੜ੍ਹਦਾ, ਉਦੋਂ ਤੱਕ ਆਰਜ਼ੀ ਤੌਰ ’ਤੇ ਸਫ਼ਾਈ ਕਰਵਾ ਕੇ ਸੀਵਰੇਜ ਦੀ ਨਿਕਾਸੀ ਨੂੰ ਚਾਲੂ ਰੱਖਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।