16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ ’ਚ ਗੜੇਮਾਰੀ ਨੇ ਝੋਨੇ ਦੀਆਂ ਮੁੰਜਰਾਂ ਕੀਤੀਆਂ ਥੋਥੀਆਂ * ਦਾਣੇ ਮੁੰਜਰਾਂ ਵਿਚੋਂ ਝੜ ਕੇ ਜ਼ਮੀਨ ’ਤੇ ਡਿੱਗੇ, ਬਾਸਮਤੀ ਦੀ ਫ਼ਸਲ ਦਾ ਭਾਰੀ ਨੁਕਸਾਨ * ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਦੇਣ ਦੀ ਕੀਤੀ ਮੰਗ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਦੋ ਵਾਰ ਹੋਈ ਗੜ੍ਹੇਮਾਰੀ, ਤੇਜ਼ ਝੱਖੜ ਤੇ ਬਾਰਿਸ਼ ਨੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕੁਦਰਤੀ ਆਫ਼ਤ ਦੀ ਲਪੇਟ ਵਿਚ ਦਰਜਨ ਤੋਂ ਵੱਧ ਪਿੰਡ ਆਏ ਹਨ, ਜਿੱਥੇ ਪੱਕਣ ਲਈ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਵੱਡੀ ਸੱਟ ਵੱਜੀ ਹੈ।

Ad Position 21
No active advertisement
ਪਿੰਡ ਭੁੱਟੀਵਾਲਾ ਵਿਖੇ ਗੜੇਮਾਰੀ ਅਤੇ ਬਾਰਿਸ਼ ਮਗਰੋਂ ਝੋਨੇ ਦੀ ਫ਼ਸਲ ਦੀ ਹੋਈ ਬਰਬਾਦੀ ਦਾ ਦ੍ਰਿਸ਼। ਤਸਵੀਰ: ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ 17-10-2026
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਦੋ ਵਾਰ ਹੋਈ ਗੜ੍ਹੇਮਾਰੀ, ਤੇਜ਼ ਝੱਖੜ ਤੇ ਬਾਰਿਸ਼ ਨੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ ਹੈ। ਇਸ ਕੁਦਰਤੀ ਆਫ਼ਤ ਦੀ ਲਪੇਟ ਵਿਚ ਦਰਜਨ ਤੋਂ ਵੱਧ ਪਿੰਡ ਆਏ ਹਨ, ਜਿੱਥੇ ਪੱਕਣ ਲਈ ਤਿਆਰ ਖੜ੍ਹੀ ਝੋਨੇ ਦੀ ਫ਼ਸਲ ਨੂੰ ਵੱਡੀ ਸੱਟ ਵੱਜੀ ਹੈ। ਗੜ੍ਹਿਆਂ ਦੀ ਮਾਰ ਕਾਰਨ ਝੋਨੇ ਦੀਆਂ ਮੁੰਜਰਾਂ ਵਿਚੋਂ ਦਾਣੇ ਝੜ ਕੇ ਜ਼ਮੀਨ ’ਤੇ ਡਿੱਗ ਗਏ, ਜਿਸ ਨਾਲ ਮੁੰਜਰਾਂ ਥੋਥੀਆਂ ਰਹਿ ਗਈਆਂ ਹਨ। ਖ਼ਾਸ ਕਰਕੇ ਬਾਸਮਤੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਪ੍ਰਭਾਵਿਤ ਪਿੰਡਾਂ ਵਿਚ ਸੱਕਾਂਵਾਲੀ, ਲੰਡੇ ਰੋਡੇ, ਸੰਗਰਾਣਾ, ਚੌਂਤਰਾ, ਬੂੜਾ ਗੁੱਜਰ, ਸਰਾਏਨਾਗਾ, ਖੋਖਰ, ਭੁੱਟੀਵਾਲਾ, ਖਿੜਕੀਆਂਵਾਲਾ, ਸੋਥਾ, ਧਿਗਾਣਾ, ਰੁਪਾਣਾ, ਮਰਾੜ੍ਹ ਕਲਾਂ, ਵੱਟੂ ਅਤੇ ਮੋਦਲੇਵਾਲਾ ਸਮੇਤ ਹੋਰ ਪਿੰਡ ਸ਼ਾਮਿਲ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਅਨੁਸਾਰ ਗੜ੍ਹੇਮਾਰੀ ਤ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਫ਼ਸਲਾਂ ਧਰਤੀ ’ਤੇ ਵਿਛ ਗਈਆਂ ਹਨ, ਜਦਕਿ ਕਈ ਖੇਤਾਂ ਵਿਚ ਝੋਨੇ ਦੇ ਦਾਣੇ ਮੁੰਜਰਾਂ ਵਿਚੋਂ ਝੜ ਕੇ ਜ਼ਮੀਨ ’ਤੇ ਖਿੱਲਰ ਗਏ ਹਨ। ਪਿੰਡ ਲੰਡੇਰੋਡੇ ਦੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਦੋ ਵਾਰ ਗੜ੍ਹੇਮਾਰੀ ਹੋਣ ਕਾਰਨ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਹਿਲੀ ਰਾਤ ਤੇਜ਼ ਹਨੇਰੀ, ਬਾਰਿਸ਼ ਤੇ ਗੜ੍ਹੇਮਾਰੀ ਹੋਈ, ਜਦਕਿ ਲੰਘੇ ਦਿਨ ਦੁਪਹਿਰ ਸਮੇਂ ਅਚਾਨਕ ਲੰਡੇਰੋਡੇ ਅਤੇ ਆਸਪਾਸ ਦੇ ਪਿੰਡਾਂ ਵਿਚ ਕਾਫ਼ੀ ਗੜ੍ਹੇਮਾਰੀ ਹੋਈ। ਉਨ੍ਹਾਂ ਅਨੁਸਾਰ ਆਮ ਝੋਨੇ ਦੀ ਫ਼ਸਲ ਦਾ 50 ਫ਼ੀਸਦੀ ਤੋਂ ਵੱਧ ਨੁਕਸਾਨ ਹੋਇਆ ਹੈ, ਜਦਕਿ ਬਾਸਮਤੀ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਬਾਸਮਤੀ ਦਾ ਬੂਟਾ ਹਲਕਾ ਹੋਣ ਕਾਰਨ ਭਾਵੇਂ ਕਈ ਥਾਵਾਂ ’ਤੇ ਖੜ੍ਹਾ ਵਿਖਾਈ ਦੇ ਰਿਹਾ ਹੈ, ਪਰ ਗੜ੍ਹਿਆਂ ਦੀ ਸਿੱਧੀ ਮਾਰ ਕਾਰਨ ਮੁੰਜਰਾਂ ਵਿਚੋਂ ਦਾਣੇ ਝੜ ਗਏ ਹਨ। ਇਸ ਕਾਰਨ ਮੁੰਜਰਾਂ ਥੋਥੀਆਂ ਰਹਿ ਗਈਆਂ ਹਨ ਅਤੇ ਕਿਸਾਨਾਂ ਨੂੰ ਪੈਦਾਵਾਰ ਵਿਚ ਵੱਡੀ ਕਮੀ ਆਉਣ ਦਾ ਖ਼ਦਸ਼ਾ ਹੈ। ਹੋਰ ਪਿੰਡਾਂ ਦੇ ਕਿਸਾਨਾਂ ਨੇ ਵੀ ਕਈ ਥਾਵਾਂ ’ਤੇ ਫ਼ਸਲਾਂ ਦੇ ਭਾਰੀ ਨੁਕਸਾਨ ਦੀ ਗੱਲ ਆਖੀ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਕਿਸਾਨੀ ਆਰਥਿਕ ਸੰਕਟ ਵਿਚੋਂ ਲੰਘ ਰਹੀ ਹੈ। ਇਸ ਵਾਰ ਬਾਰਿਸ਼ ਘੱਟ ਹੋਣ ਕਾਰਨ ਉਨ੍ਹਾਂ ਨੇ ਨਹਿਰੀ ਪਾਣੀ ਅਤੇ ਟਿਊਬਵੈੱਲਾਂ ਦੇ ਸਹਾਰੇ ਮਹਿੰਗੇ ਖ਼ਰਚੇ ਕਰਕੇ ਝੋਨੇ ਦੀ ਫ਼ਸਲ ਪਾਲੀ ਸੀ। ਜਦੋਂ ਫ਼ਸਲ ਪੱਕ ਕੇ ਵਾਢੀ ਲਈ ਤਿਆਰ ਹੋਈ ਤਾਂ ਬੇਮੌਸਮੀ ਬਾਰਿਸ਼, ਤੇਜ਼ ਹਨੇਰੀ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਦਿੱਤਾ। ਖੇਤਾਂ ਵਿਚ ਫ਼ਸਲਾਂ ਵਿਛਣ ਦੇ ਨਾਲ-ਨਾਲ ਅਨਾਜ ਮੰਡੀਆਂ ਵਿਚ ਪਿਆ ਝੋਨਾ ਵੀ ਬਾਰਿਸ਼ ਦੇ ਪਾਣੀ ਕਾਰਨ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਹਨ। ਇਸ ਤੋਂ ਇਲਾਵਾ ਤੇਜ਼ ਹਨੇਰੀ ਕਾਰਨ ਇਲਾਕੇ ਵਿਚ ਵੱਡੀ ਗਿਣਤੀ ’ਚ ਦਰੱਖ਼ਤ, ਕੰਧਾਂ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਵੀ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਪ੍ਰਭਾਵਿਤ ਪਿੰਡਾਂ ਵਿਚ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਹੋਏ ਨੁਕਸਾਨ ਦਾ ਸਹੀ ਮੁਲਾਂਕਣ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਲਦੀ ਦਿੱਤਾ ਜਾਵੇ, ਤਾਂ ਜੋ ਆਰਥਿਕ ਸੰਕਟ ਨਾਲ ਜੂਝ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮੁਸ਼ਕਿਲ ਘੜੀ ਵਿਚ ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫ਼ੜ੍ਹਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਮੰਡੀਆਂ ਵਿਚ ਪ੍ਰਭਾਵਿਤ ਹੋਏ ਝੋਨੇ ਦਾ ਵੀ ਜਾਇਜ਼ਾ ਲਿਆ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ ਢੁਕਵੇਂ ਕਦਮ ਚੁੱਕੇ ਜਾਣ।
Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੀਟਿੰਗ ਪੰਜਾਬ ਵਿਚ ਗੈਂਗਸਟਰਾਂ ਦੀਆਂ ਧਮਕੀਆਂ ਕਾਰਨ ਵ... ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ ’ਚ ਨਸ਼ਿਆਂ ’ਤੇ ਕਾਬੂ ਪਾਉਣ ਲਈ ਕਮੇਟੀਆਂ ਗਠਿਤ ਕਰਕੇ ਨਸ਼ਾ ਤਸਕਰਾਂ ਨੂੰ ਚਿਤਾਵਨੀਆਂ ਦੇਣ ਦਾ ਸਿਲਸਿਲਾ...
Ad Position 24