ਬਰੀਵਾਲਾ ਦੀ ਅਨਾਜ ਮੰਡੀ ਨੇ ਬਾਰਿਸ਼ ਮਗਰੋਂ ਧਾਰਿਆ ਛੱਪੜ ਦਾ ਰੂਪ
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਇਲਾਕੇ ਵਿਚ ਬੀਤੇ ਦਿਨੀਂ ਹੋਈ ਤੇਜ਼ ਬਾਰਿਸ਼ ਕਾਰਨ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਵਿਚ ਪਾਣੀ ਭਰ ਜਾਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿਚ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਪਾਣੀ ਵਿਚ ਡੁੱਬ ਗਈਆਂ, ਜਦਕਿ ਵਿਕਰੀ ਲਈ ਲਿਆਂਦੇ ਝੋਨੇ ਦੀਆਂ ਢੇਰੀਆਂ ਵੀ ਪਾਣੀ ਦੀ ਲਪੇਟ ਵਿਚ ਆ ਗਈਆਂ।
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਇਲਾਕੇ ਵਿਚ ਬੀਤੇ ਦਿਨੀਂ ਹੋਈ ਤੇਜ਼ ਬਾਰਿਸ਼ ਕਾਰਨ ਮੰਡੀ ਬਰੀਵਾਲਾ ਦੀ ਅਨਾਜ ਮੰਡੀ ਵਿਚ ਪਾਣੀ ਭਰ ਜਾਣ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿਚ ਪਾਣੀ ਦੀ ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਝੋਨੇ ਦੀਆਂ ਭਰੀਆਂ ਬੋਰੀਆਂ ਪਾਣੀ ਵਿਚ ਡੁੱਬ ਗਈਆਂ, ਜਦਕਿ ਵਿਕਰੀ ਲਈ ਲਿਆਂਦੇ ਝੋਨੇ ਦੀਆਂ ਢੇਰੀਆਂ ਵੀ ਪਾਣੀ ਦੀ ਲਪੇਟ ਵਿਚ ਆ ਗਈਆਂ। ਇਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰੀਵਾਲਾ ਦੀ ਅਨਾਜ ਮੰਡੀ ਵਿਚ ਦਰਜਨਾਂ ਪਿੰਡਾਂ ਦੇ ਕਿਸਾਨ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਪਹੁੰਚਦੇ ਹਨ, ਪਰ ਬਾਰਿਸ਼ ਮਗਰੋਂ ਮੰਡੀ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਬਾਰਿਸ਼ ਦੇ ਪਹਿਲੇ ਦਿਨ ਮੰਡੀ ਵਿਚ ਦੋ ਤੋਂ ਤਿੰਨ ਫ਼ੁੱਟ ਤੱਕ ਪਾਣੀ ਭਰ ਗਿਆ ਸੀ ਅਤੇ ਦੂਜੇ ਦਿਨ ਸ਼ਾਮ ਤੱਕ ਵੀ ਮੰਡੀ ਵਿਚ ਥਾਂ-ਥਾਂ ਪਾਣੀ ਖੜ੍ਹਾ ਸੀ । ਮੰਡੀ ਦਾ ਫ਼ੜ੍ਹ ਨੀਂਵਾ ਹੋਣ ਅਤੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਹਾਲਾਤ ਹੋਰ ਗੰਭੀਰ ਬਣ ਗਏ। ਮੰਡੀ ਵਿਚ ਝੋਨੇ ਦੀ ਖ਼ਰੀਦ ਤੋਂ ਬਾਅਦ ਭਰੀਆਂ ਬੋਰੀਆਂ ਪਾਣੀ ਵਿਚ ਪਈਆਂ ਰਹਿਣ ਕਾਰਨ ਉਨ੍ਹਾਂ ਦੇ ਭਿੱਜਣ ਨਾਲ ਆੜ੍ਹਤੀਆਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ ਜਿਹੜਾ ਝੋਨਾ ਵਿਕਰੀ ਲਈ ਖੁੱਲ੍ਹੀਆਂ ਢੇਰੀਆਂ ਵਿਚ ਪਿਆ ਸੀ, ਉਹ ਵੀ ਪਾਣੀ ਵਿਚ ਰੁੜ੍ਹ ਕੇ ਦੂਰ ਤੱਕ ਫ਼ੈਲ ਗਿਆ ਤੇ ਨੇੜਲੀਆਂ ਗਲੀਆਂ ਤੱਕ ਪਹੁੰਚ ਗਿਆ। ਇਸ ਨਾਲ ਕਿਸਾਨਾਂ ਦੀ ਫ਼ਸਲ ਦੇ ਨੁਕਸਾਨ ਦੇ ਨਾਲ-ਨਾਲ ਝੋਨੇ ਦੀ ਸੰਭਾਲ ਅਤੇ ਖ਼ਰੀਦ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਰਹੀ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਬਰੀਵਾਲਾ ਦੀ ਅਨਾਜ ਮੰਡੀ ਵਿਚ ਪਾਣੀ ਭਰਨ ਦੀ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ, ਪਰ ਇਸ ਦੇ ਸਥਾਈ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਮੰਡੀ ਦੇ ਫ਼ੜ੍ਹ ਨੂੰ ਉਚਾ ਕਰਨ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ। ਕਿਸਾਨਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸੰਬੰਧਿਤ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਨੂੰ ਅਣਗੌਲਿਆ ਕਰਨ ਦੇ ਦੋਸ਼ ਵੀ ਲਾਏ। ਕਿਸਾਨਾਂ ਤੇ ਆੜ੍ਹਤੀਆਂ ਨੇ ਮੰਗ ਕੀਤੀ ਕਿ ਮੰਡੀ ਵਿਚ ਭਰੇ ਪਾਣੀ ਦੀ ਤੁਰੰਤ ਨਿਕਾਸੀ ਕਰਵਾਈ ਜਾਵੇ ਅਤੇ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਉਚਿਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਅਜਿਹੇ ਹਾਲਾਤ ਪੈਦਾ ਹੋਣਾ ਕਿਸਾਨਾਂ ਤੇ ਆੜ੍ਹਤੀਆਂ ਲਈ ਵੱਡੀ ਮੁਸ਼ਕਿਲ ਹੈ। ਸਰਕਾਰ ਤੇ ਸੰਬੰਧਿਤ ਵਿਭਾਗਾਂ ਨੂੰ ਇਸ ਸਮੱਸਿਆ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਬਾਰਿਸ਼ ਹੋਣ ’ਤੇ ਅਨਾਜ ਮੰਡੀ ਛੱਪੜ ਦਾ ਰੂਪ ਨਾ ਧਾਰੇ ਅਤੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।