ਮਲੋਟ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਦੀ ਵੱਡੀ ਸਮੱਸਿਆ ਕਿਸਾਨ, ਆੜ੍ਹਤੀਏ ਅਤੇ ਮਜ਼ਦੂਰ ਪ੍ਰੇਸ਼ਾਨ
ਮਲੋਟ, 13 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਬੇਹੱਦ ਪ੍ਰੇਸ਼ਾਨ ਹਨ। ਮੰਡੀਆਂ ਵਿਚ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਪਰ ਖ਼ਰੀਦ ਪ੍ਰਕਿਰਿਆ ਸੁਸਤ ਹੋਣ ਕਾਰਨ ਅੰਨਦਾਤਾ ਪਿਛਲੇ 15 ਤੋਂ 20 ਦਿਨਾਂ ਤੋਂ ਮੰਡੀਆਂ ਵਿਚ ਰੁਲ੍ਹਣ ਲਈ ਮਜ਼ਬੂਰ ਹੈ।
ਮਲੋਟ, 13 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਅਨਾਜ ਮੰਡੀ ਵਿਚ ਝੋਨੇ ਦੀ ਖ਼ਰੀਦ ਅਤੇ ਲਿਫ਼ਟਿੰਗ ਨਾ ਹੋਣ ਕਾਰਨ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਬੇਹੱਦ ਪ੍ਰੇਸ਼ਾਨ ਹਨ। ਮੰਡੀਆਂ ਵਿਚ ਝੋਨੇ ਦੀਆਂ ਢੇਰੀਆਂ ਤੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ, ਪਰ ਖ਼ਰੀਦ ਪ੍ਰਕਿਰਿਆ ਸੁਸਤ ਹੋਣ ਕਾਰਨ ਅੰਨਦਾਤਾ ਪਿਛਲੇ 15 ਤੋਂ 20 ਦਿਨਾਂ ਤੋਂ ਮੰਡੀਆਂ ਵਿਚ ਰੁਲ੍ਹਣ ਲਈ ਮਜ਼ਬੂਰ ਹੈ। ਮਲੋਟ ਦੀ ਅਨਾਜ ਮੰਡੀ ਦੇ ਹਾਲਾਤ ਇਸ ਵੇਲੇ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਜਿੱਥੇ ਇਕ ਪਾਸੇ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਵੇਚਣ ਲਈ 15-20 ਦਿਨਾਂ ਤੋਂ ਮੰਡੀ ਵਿਚ ਬੈਠੇ ਹਨ, ਉਥੇ ਹੀ ਦੂਜੇ ਪਾਸੇ ਬਾਰਦਾਨੇ ਦੀ ਘਾਟ ਤੇ ਖ਼ਰੀਦ ਨਾ ਹੋਣ ਕਾਰਨ ਕਣਕ ਦੀ ਬਿਜਾਈ ਵੀ ਪਛੜ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਮੰਡੀ ਵਿਚ ਨਹੀਂ ਆ ਰਿਹਾ। ਸਿਰਫ਼ ਕਿਸਾਨ ਹੀ ਨਹੀਂ, ਸਗੋਂ ਆੜ੍ਹਤੀਆ ਵਰਗ ਤੇ ਮੁਨੀਮ ਵੀ ਇਸ ਸਿਸਟਮ ਤੋਂ ਦੁਖੀ ਹਨ। ਆੜ੍ਹਤੀਆਂ ਮੁਤਾਬਕ ਨਮੀ ਦਾ ਬਹਾਨਾ ਬਣਾ ਕੇ ਖ਼ਰੀਦ ਰੋਕੀ ਜਾ ਰਹੀ ਹੈ, ਜਦਕਿ ਮੌਸਮ ਕਾਰਨ ਝੋਨਾ ਸੁੱਕ ਨਹੀਂ ਰਿਹਾ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਤੋਂ ਨਮੀ ਵਿਚ ਛੋਟ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਗਿੱਲਾ ਝੋਨਾ ਬੋਰੀਆਂ ਵਿਚ ਖ਼ਰਾਬ ਨਾ ਹੋਵੇ। ਦੂਜੇ ਪਾਸੇ ਮੰਡੀ ਵਿਚ ਲਿਫ਼ਟਿੰਗ ਦੀ ਸਮੱਸਿਆ ਵੀ ਗੰਭੀਰ ਬਣੀ ਹੋਈ ਹੈ। ਮਜ਼ਦੂਰ ਯੂਨੀਅਨ ਦੇ ਆਗੂ ਸੰਨੀ ਡਾਬਲਾ ਮੁਤਾਬਕ ਸਰਕਾਰ ਵਲੋਂ ਟਰਾਂਸਪੋਰਟ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਮਜ਼ਦੂਰਾਂ ਨੂੰ ਢੇਰੀਆਂ ਲਗਾਉਣ ਵਿਚ ਭਾਰੀ ਦਿੱਕਤ ਆ ਰਹੀ ਹੈ। ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ, ਪੰਜਾਬ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਆਗੂਆਂ ਨੇ ਵੀ ਸਰਕਾਰ ’ਤੇ ਗ਼ਲਤ ਅੰਕੜੇ ਪੇਸ਼ ਕਰਨ ਅਤੇ 400 ਦੇ ਕਰੀਬ ਪੇਂਡੂ ਮੰਡੀਆਂ ਤੇ ਫੋਕਲ ਪੁਆਇੰਟ ਬੰਦ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਲੋਟ ਮੰਡੀ ਵਿਚ ਝੋਨੇ ਦੇ ਢੇਰ ਲੱਗੇ ਪਏ ਹਨ। ਅਫ਼ਸਰਾਂ ਨੇ ਸਰਕਾਰ ਨੂੰ ਝੋਨੇ ਦੇ ਰਕਬੇ ਦਾ ਗ਼ਲਤ ਡਾਟਾ ਦਿੱਤਾ ਹੈ ਅਤੇ ਹੁਣ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਇੰਸਪੈਕਟਰ ਦਫ਼ਤਰਾਂ ਵਿਚ ਬੈਠੇ ਹਨ ਤੇ ਸ਼ੈਲਰ ਮਾਲਕਾਂ ਨਾਲ ਕਥਿਤ ਮਿਲੀਭੁਗਤ ਚੱਲ ਰਹੀ ਹੈ । ਸਰਕਾਰ ਨੇ 400 ਦੇ ਕਰੀਬ ਮੰਡੀਆਂ ਅਤੇ ਫੋਕਲ ਪੁਆਇੰਟ ਬੰਦ ਕਰਨ ਦੇ ਡਰ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਫ਼ਸਲ ਵੇਚਣ ਲਈ ਬੈਠੇ ਕਿਸਾਨਾਂ ਨੇ ਕਿਹਾ ਕਿ 15-20 ਦਿਨ ਹੋ ਗਏ ਹਨ। ਜਦੋਂ ਤੱਕ ਖ਼ਰੀਦ ਵਾਲਾ ਅਧਿਕਾਰੀ ਆ ਕੇ ਬੋਲੀ ਨਹੀਂ ਲਗਾਉਂਦਾ ਤੇ ਬੋਰੀਆਂ ਨਹੀਂ ਮਿਲਦੀਆਂ, ਉਦੋਂ ਤੱਕ ਆੜ੍ਹਤੀਆ ਵੀ ਫ਼ਸਲ ਨਹੀਂ ਵੇਚ ਸਕਦਾ। ਇਕ ਕਿਸਾਨ ਨੇ ਕਿਹਾ 25-30 ਕਿੱਲੇ ਪਰਮਲ ਝੋਨਾ ਰੁਲ੍ਹ ਰਿਹਾ ਹੈ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਤੇ ਦੋਸ਼ਾਂ ਪ੍ਰਤੀ ਮਾਰਕਿਟ ਕਮੇਟੀ ਦੇ ਸਕੱਤਰ ਮਨਦੀਪ ਰਹੇਜਾ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਮੰਡੀ ਨੂੰ ਬੰਦ ਕਰਨ ਦੇ ਕੋਈ ਲਿਖ਼ਤੀ ਆਦੇਸ਼ ਉਨ੍ਹਾਂ ਕੋਲ ਨਹੀਂ ਪਹੁੰਚੇ, ਪਰ ਬਹੁਤੀਆਂ ਖ਼ਰੀਦ ਏਜੰਸੀਆਂ ਨੇ ਆਪਣੇ ਟੀਚੇ ਪੂਰੇ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ 2 ਲੱਖ ਮੀਟ੍ਰਿਕ ਟਨ ਦੇ ਨਜ਼ਦੀਕ ਝੋਨੇ ਦੀ ਫ਼ਸਲ ਮੰਡੀਆਂ ਵਿਚ ਆਈ ਸੀ, ਪਰ ਇਸ ਵਾਰ ਇਹ 2 ਲੱਖ 7 ਹਜ਼ਾਰ ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ ਅਤੇ ਝੋਨਾ ਮੰਡੀਆਂ ਵਿਚ ਪਿਆ ਹੈ। ਉਨ੍ਹਾਂ ਮਲੋਟ ਤੇ ਉਸ ਦੇ ਨਾਲ ਲੱਗਦੇ ਹੋਰ 27 ਖ਼ਰੀਦ ਕੇਂਦਰਾਂ ਦਾ ਵੇਰਵਾ ਦੱਸਦਿਆਂ ਕਿਹਾ ਕਿ 2 ਲੱਖ 7 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਵਿਚੋਂ 1 ਲੱਖ 91 ਹਜ਼ਾਰ ਮੀਟ੍ਰਿਕ ਟਨ ਦੀ ਖ਼ਰੀਦ ਹੋ ਚੁੱਕੀ ਹੈ। ਇਸ ਵਿਚੋਂ 1 ਲੱਖ 28 ਹਜ਼ਾਰ ਮੀਟ੍ਰਿਕ ਟਨ ਦੀ ਲਿਫ਼ਟਿੰਗ ਵੀ ਹੋ ਚੁੱਕੀ ਹੈ, ਜਦਕਿ 65 ਹਜ਼ਾਰ ਮੀਟ੍ਰਿਕ ਟਨ ਝੋਨਾ ਅਜੇ ਤੱਕ ਚੁੱਕਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੀਆਂ ਮੰਡੀਆਂ ਵਿਚ ਕਿੰਨਾ ਝੋਨਾ ਪਿਆ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਰਿਪੋਰਟਾਂ ਬਣਾ ਕੇ ਸਰਕਾਰ ਨੂੰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਉਮੀਦ ਕੀਤੀ ਕਿ ਕਿਸਾਨਾਂ ਨੂੰ ਝੋਨਾ ਵੇਚਣ ਵਿਚ ਕੋਈ ਮੁਸ਼ਕਿਲ ਨਹੀਂ ਆਵੇਗੀ। ਸਕੱਤਰ ਮਨਦੀਪ ਰਹੇਜਾ ਨੇ ਸਪੱਸ਼ਟ ਕੀਤਾ ਕਿ ਸਿਰਫ਼ ਜੋ ਆਰਜੀ ਯਾਰਡ ਸਰਕਾਰ ਵਲੋਂ ਝੋਨਾ ਖ਼ਰੀਦਣ ਲਈ ਸ਼ੁਰੂ ਕੀਤੇ ਗਏ ਸਨ, ਸਿਰਫ਼ ਉਹੀ ਬੰਦ ਹੋਏ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਮਾਰਕਿਟ ਕਮੇਟੀ ਮਲੋਟ ਕਿਸਾਨਾਂ ਦੀ ਹਰ ਮੁਸ਼ਕਿਲ ਵਿਚ ਉਨ੍ਹਾਂ ਦੇ ਨਾਲ ਹੈ। ਮੰਡੀਆਂ ਵਿਚ ਰੁਲ੍ਹ ਰਹੀ ਕਿਸਾਨਾਂ ਦੀ ਮਿਹਨਤ ਤੇ ਮਜ਼ਦੂਰਾਂ ਦੀ ਪ੍ਰੇਸ਼ਾਨੀ ਨੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਨਮੀ ਵਿਚ ਛੋਟ ਦਿੰਦੀ ਹੈ ਅਤੇ ਲਿਫ਼ਟਿੰਗ ਤੇ ਖ਼ਰੀਦ ਪ੍ਰਕਿਰਿਆ ਨੂੰ ਤੇਜ਼ ਕਰਕੇ ਮੰਡੀਆਂ ਵਿਚ ਬੈਠੇ ਲੋਕਾਂ ਨੂੰ ਰਾਹਤ ਦਿੰਦੀ ਹੈ।