28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਾਲ 2025 ਦੌਰਾਨ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਇਕ ਪੰਛੀ ਝਾਤ

Ad Position 21
No active advertisement
ਅਜੀਤ ਡੈਸਕ 01-01-2026

 ਕਪੂਰਥਲਾ, 31 ਦਸੰਬਰ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਪੁਲਿਸ ਨੂੰ ਸਾਲ 2025 ਦੌਰਾਨ ਨਸ਼ੇ ਦੀ ਸਪਲਾਈ ਰੋਕਣ, ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਸੰਗਠਿਤ ਅਪਰਾਧਾਂ ਨੂੰ ਰੋਕਣ ਵਿਚ ਕਾਫ਼ੀ ਸਫਲਤਾ ਮਿਲੀ | ਭਾਵੇਂ ਕਿ ਲੁੱਟ-ਖੋਹ ਤੇ ਗੋਲੀ ਚੱਲਣ ਆਦਿ ਦੀਆਂ ਘਟਨਾਵਾਂ ਸਾਲ ਵਿਚ ਕਈ ਵਾਰ ਵੱਖ-ਵੱਖ ਥਾਵਾਂ 'ਤੇ ਵਾਪਰੀਆਂ ਪਰ ਇਸ ਦੇ ਬਾਵਜੂਦ ਕੁੱਲ ਮਿਲਾ ਕੇ ਕਪੂਰਥਲਾ ਪੁਲਿਸ ਦਾ ਬੀਤਿਆਂ ਵਰ੍ਹਾ ਚੰਗੀਆਂ ਪ੍ਰਾਪਤੀਆਂ ਨਾਲ ਹੀ ਗੁਜ਼ਰਿਆ | ਬੀਤੇ ਵਰ੍ਹੇ ਜ਼ਿਲ੍ਹਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਜੇਕਰ ਇਕ ਪੰਛੀ ਝਾਤ ਮਾਰੀਏ ਤਾਂ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਗਈ | ਇਸ ਸਬੰਧੀ ਅੱਜ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ | ਉਨ੍ਹਾਂ ਦੱਸਿਆ ਕਿ ਸਾਲ 2025 ਦੌਰਾਨ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ 'ਚ 1125 ਨਸ਼ਾ ਤਸਕਰੀ ਸੰਬੰਧੀ ਕੇਸ ਦਰਜ ਕੀਤੇ ਗਏ ਤੇ ਇਨ੍ਹਾਂ ਕੇਸਾਂ ਵਿਚ 1424 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਕੁੱਲ 14 ਕਿੱਲੋ 845 ਗ੍ਰਾਮ ਹੈਰੋਇਨ, 463.599 ਕਿੱਲੋ ਡੋਡੇ ਚੂਰਾ ਪੋਸਤ 12.983 ਕਿੱਲੋ ਗ੍ਰਾਮ ਅਫ਼ੀਮ, 2 ਕਿੱਲੋ ਗਾਂਜਾ, 0.065 ਗ੍ਰਾਮ ਆਈਸ, 1.407 ਕਿੱਲੋਗਰਾਮ ਨਸ਼ੀਲਾ ਪਾਊਡਰ, 516 ਭੁੱਕੀ ਦੇ ਹਰੇ ਬੂਟੇ, 72086 ਨਸ਼ੀਲੀਆਂ ਗੋਲੀਆਂ ਅਤੇ 7 ਲੱਖ 84540 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ | ਐਸ.ਐਸ.ਪੀ. ਨੇ ਦੱਸਿਆ ਕਿ ਨਸ਼ਿਆਂ ਨਾਲ ਪ੍ਰਭਾਵਿਤ ਹੋਏ ਪੀੜਤਾਂ ਦੇ ਮੁੜ ਵਸੇਬੇ ਲਈ ਪੁਲਿਸ ਦਾ ਸਭ ਤੋਂ ਵੱਡਾ ਟੀਚਾ ਸੀ ਕਿ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਵਾਇਆ ਜਾਵੇ, ਜਿਸ ਵਿਚ ਵੱਡੀ ਪੱਧਰ 'ਤੇ ਉਨ੍ਹਾਂ ਨੂੰ ਸਫਲਤਾ ਮਿਲੀ ਤੇ ਕਈ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਵੀ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਐਨ.ਡੀ.ਪੀ.ਐਸ. ਦੇ ਵਪਾਰਕ ਬਰਾਮਦਗੀ ਪੱਧਰ 'ਤੇ 36 ਦਰਜ ਹੋਏ ਕੇਸਾਂ ਵਿਚ 54 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਜਾਣਕਾਰੀ ਦੇਣ ਸਬੰਧੀ ਹੈਲਪ ਲਾਈਨ ਨੰਬਰ 'ਤੇ ਆਮ ਲੋਕਾਂ ਵਲੋਂ 1324 ਸੂਚਨਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਦੀ ਤਫ਼ਤੀਸ਼ ਉਪਰੰਤ 479 ਮੁਕੱਦਮੇ ਦਰਜ ਕਰਕੇ 570 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਨਾਲ ਲੋਕਾਂ ਦਾ ਪੁਲਿਸ ਵਿਚ ਹੋਰ ਵਿਸ਼ਵਾਸ ਵਧਿਆ ਹੈ | ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਜਾਇਦਾਦ ਕੁਰਕ ਕਰਨ ਵੱਲ ਵੀ ਤੇਜੀ ਨਾਲ ਪੁਲਿਸ ਨੇ ਕਾਰਵਾਈ ਕਰਦਿਆਂ 18.42 ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕਰਵਾਈ ਗਈ | ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੇ ਅਦਾਲਤੀ ਕੇਸਾਂ ਦੀ ਪੈਰਵਾਈ ਪੁਖ਼ਤਾ ਢੰਗ ਨਾਲ ਕੀਤੀ ਗਈ ਤੇ ਐਨ.ਡੀ.ਪੀ.ਐਸ. ਦੇ ਕੇਸਾਂ ਵਿਚ ਜ਼ਿਲ੍ਹਾ ਪੁਲਿਸ ਨੇ 92 .ਫ਼ੀਸਦੀ ਸਜਾ ਦਰ ਹਾਸਲ ਕੀਤੀ ਹੈ | ਉਨ੍ਹਾਂ ਦੱਸਿਆ ਕਿ 701 ਨਸ਼ਾ ਪੀੜਤ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਡੀ ਐਡਿਕਸ਼ਨਾਂ ਸੈਂਟਰਾਂ ਵਿਚ ਦਾਖਲ ਕਰਵਾਇਆ ਗਿਆ ਤੇ 1833 ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹੋਏ ਓਟ ਸੈਂਟਰਾਂ ਨਾਲ ਜੋੜਿਆ ਗਿਆ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲਿਆਂ ਤੋਂ ਇਲਾਵਾ ਗੰਭੀਰ ਅਪਰਾਧਾਂ ਵਿਰੁੱਧ ਕਾਰਵਾਈ ਦੌਰਾਨ 17 ਕਤਲ ਕੇਸਾਂ ਵਿਚੋਂ 16 ਨੂੰ ਹੱਲ ਕਰਕੇ 45 ਵਿਅਕਤੀਆਂ ਦੀ ਗਿ੍ਫ਼ਤਾਰੀ ਕੀਤੀ ਗਈ | ਇਸੇ ਤਰ੍ਹਾਂ 42 ਇਰਾਦਾ ਕਤਲ ਦੇ ਮਾਮਲਿਆਂ ਵਿਚ 62 ਗਿ੍ਫ਼ਤਾਰੀਆਂ, ਲੁੱਟ ਦੇ 24 ਮਾਮਲਿਆਂ ਵਿਚ 40 ਗਿ੍ਫ਼ਤਾਰੀਆਂ ਕਰਕੇ 18.89 ਲੱਖ ਰੁਪਏ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਇਕ ਬੈਂਕ ਦੀ ਲੁੱਟ ਦਾ ਮਾਮਲਾ ਹੱਲ ਕਰਦੇ ਹੋਏ 27.69 ਲੱਖ ਰੁਪਏ ਬਰਾਮਦ ਕੀਤੇ ਗਏ ਤੇ ਦੋਸ਼ੀਆਂ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ | ਸਾਈਬਰ ਅਪਰਾਧ ਨੂੰ ਭਵਿੱਖ ਦੀ ਚੁਣੌਤੀ ਦੱਸਦੇ ਹੋਏ ਐਸ.ਐਸ.ਪੀ. ਨੇ ਦੱਸਿਆ ਕਿ ਆਪਣੀ ਤਰ੍ਹਾਂ ਦੇ ਵਿਲੱਖਣ ਕੇਸ ਵਿਚ 42 ਦੋਸ਼ੀਆਂ ਦੀ ਗਿ੍ਫ਼ਤਾਰੀ ਕਰਕੇ 2 ਕਰੋੜ 15 ਲੱਖ ਰੁਪਏ ਦੀ ਨਗਦੀ, 40 ਲੈਪਟਾਪ, 68 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ | ਇਸ ਤੋਂ ਇਲਾਵਾ ਜਬਰੀ ਵਸੂਲੀ ਤੇ ਧਮਕੀਆਂ ਵਾਲੀਆਂ ਫ਼ੋਨ ਕਾਲਾਂ ਦੇ 19 ਕੇਸਾਂ ਵਿਚੋਂ 15 ਦਾ ਨਿਪਟਾਰਾ ਕਰਕੇ 12 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਅਸਲਾ ਐਕਟ ਦੇ ਦਰਜ ਹੋਏ 21 ਕੇਸਾਂ ਵਿਚ 35 ਦੋਸ਼ੀਆਂ ਨੂੰ ਕਾਬੂ ਕਰਕੇ 38 ਪਿਸਤੌਲ, 5 ਵਿਦੇਸ਼ੀ ਗਲੋਕ, 6 ਰਿਵਾਲਵਰ, 4 ਦੇਸੀ ਕੱਟੇ, ਇਕ ਗੰਨ ਅਤੇ 146 ਕਾਰਤੂਸ ਜ਼ਬਤ ਕੀਤੇ ਗਏ | ਉਨ੍ਹਾਂ ਦੱਸਿਆ ਕਿ ਸੰਗਠਿਤ ਅਪਰਾਧਾਂ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ 28 ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰਕੇ ਹਥਿਆਰ ਅਤੇ ਵਾਹਨ ਬਰਾਮਦ ਕੀਤੇ | ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਜ਼ਿਲ੍ਹਾ ਪੁਲਿਸ ਵਲੋਂ ਤੇਜੀ ਨਾਲ ਕੀਤਾ ਗਿਆ ਤੇ 112 ਹੈਲਪ ਲਾਈਨ ਨੰਬਰ 'ਤੇ ਪ੍ਰਾਪਤ ਸ਼ਿਕਾਇਤਾਂ ਨੂੰ ਔਸਤਨ 11 ਮਿੰਟ ਦੇ ਵਿਚ ਹੀ ਹੱਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਾਲ ਭਰ ਵਿਚ 6041 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚੋਂ 4920 ਦਾ ਨਿਪਟਾਰਾ ਕੀਤਾ ਗਿਆ | ਆਵਾਜਾਈ ਨਿਯਮਾਂ ਸਬੰਧੀ ਕੀਤੀ ਗਈ ਸਖ਼ਤੀ ਤਹਿਤ 28094 ਵੱਖ-ਵੱਖ ਕਿਸਮ ਦੇ ਚਲਾਨ ਕਰਕੇ 1.85 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ | ਇਸ ਤੋਂ ਇਲਾਵਾ ਨਜਾਇਜ਼ ਸ਼ਰਾਬ ਦੀ ਰੋਕਥਾਮ ਲਈ 143 ਕੇਸ ਦਰਜ ਕਰਕੇ 143 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਇਸ ਤੋਂ ਇਲਾਵਾ 20 ਲੱਖ ਮਿਲੀਲਿਟਰ ਨਜਾਇਜ਼ ਸ਼ਰਾਬ, 15145 ਕਿੱਲੋ ਲਾਹਣ ਬਰਾਮਦ ਕੀਤੀ ਗਈ | ਐਸ.ਐਸ.ਪੀ. ਨੇ ਦੱਸਿਆ ਕਿ ਹੜ੍ਹਾਂ ਦੌਰਾਨ ਵੀ ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਪਾਣੀ ਵਿਚੋਂ ਬਾਹਰ ਕੱਢਣ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ | ਉਨ੍ਹਾਂ ਦੱਸਿਆ ਕਿ ਆਉਂਦੇ ਵਰ੍ਹੇ ਦੌਰਾਨ ਵੀ ਕਾਨੂੰਨ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ ਤੇ ਲੋਕਾਂ ਦੀ ਮਦਦ ਨਾਲ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਨਾਲ ਨਾਲ ਨਸ਼ਿਆਂ ਵਿਚ ਗ਼ਲਤਾਨ ਹੋ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਯਤਨ ਜਾਰੀ ਰਹਿਣਗੇ | ਇਸ ਮੌਕੇ ਐਸ.ਐਸ.ਪੀ. ਦੇ ਨਾਲ ਐਸ.ਪੀ.ਡੀ. ਪ੍ਰਭਜੋਤ ਸਿੰਘ ਵਿਰਕ, ਡੀ.ਐਸ.ਪੀ.ਡੀ. ਹਰਗੁਰਦੇਵ ਸਿੰਘ, ਡੀ.ਐਸ.ਪੀ. ਸੁਖਪਾਲ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਤੇ ਹੋਰ ਹਾਜ਼ਰ ਸਨ |

 

Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਮਹਾਰਾਜਾ ਦਲੀਪ ਸਿੰਘ ਦੀ ਯਾਦ 'ਚ ਮੱਲ੍ਹੇ ਤੋਂ ਬੱਸੀਆਂ ਤੱਕ ਸਾਈਕਲ ਰੈਲੀ
Ad Position 24