ਫਗਵਾੜਾ, 5 ਜਨਵਰੀ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ਹਿਰ 'ਚੋਂ ਵਾਹਨ ਚੋਰੀ ਕਰਨ ਵਾਲਾ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ ਪਰ ਪੁਲਿਸ ਇਨ੍ਹਾਂ ਨੂੰ ਕਾਬੂ ਕਰਨ 'ਚ ਪੂਰੀ ਤਰ੍ਹਾਂ ਫ਼ੇਲ੍ਹ ਨਜ਼ਰ ਆ ਰਹੀ ਹੈ | ਅੱਜ ਇੱਥੋਂ ਦੇ ਮਾਡਲ ਟਾਊਨ ਵਿਖੇ ਇੱਕ ਵਿਅਕਤੀ ਦਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਸਾਹਿਲ ਬੈਂਸ ਪੁੱਤਰ ਰਾਮ ਕਿਸ਼ਨ ਬੈਂਸ ਵਾਸੀ ਪਿੰਡ ਬੰਡਾਲਾ ਨੇ ਦੱਸਿਆ ਕਿ ਉਹ ਬਾਬੂ ਕਾਰ ਏ.ਸੀ. ਮਾਡਲ ਟਾਊਨ ਵਿਖੇ ਕੰਮ ਕਰਦਾ ਹੈ ਤੇ ਅੱਜ ਸਵੇਰੇ ਆਪਣੇ ਕੰਮ 'ਤੇ ਆਇਆ ਤੇ ਆਪਣਾ ਮੋਟਰਸਾਈਕਲ ਦੁਕਾਨ ਦੇ ਨਜ਼ਦੀਕ ਲੱਗਾ ਕੇ ਕੰਮ ਕਰਨ ਲੱਗ ਪਿਆ ਤੇ ਨਾਲ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਪੁਰਬ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿਸ ਕਾਰਨ ਮਾਰਕੀਟ 'ਚ ਭੀੜ ਸੀ ਤੇ ਜਦੋਂ ਉਸ ਨੇ ਸ਼ਾਮ ਸਮੇਂ ਆਪਣੇ ਮੋਟਰਸਾਈਕਲ ਵੱਲ ਧਿਆਨ ਦਿੱਤਾ ਤਾਂ ਮੋਟਰਸਾਈਕਲ ਗ਼ਾਇਬ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ | ਘਟਨਾ ਸੰਬੰਧੀ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਫਗਵਾੜਾ ਸ਼ਹਿਰ 'ਚ ਲਗਾਤਾਰ ਵਾਹਨ ਚੋਰੀ ਕਰਨ ਵਾਲਾ ਗਰੋਹ ਪੂਰੀ ਸਰਗਰਮੀ ਨਾਲ ਡਟਿਆ ਹੋਇਆ ਹੈ ਪਰ ਪੁਲਿਸ ਇਨ੍ਹਾਂ ਨੂੰ ਕਾਬੂ ਕਰਨ 'ਚ ਅਸਮਰਥ ਨਜ਼ਰ ਆ ਰਹੀ ਹੈ | ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾ ਹੀ ਇੱਥੇ ਗੁਰਦੁਆਰਾ ਦੇ ਬਾਹਰੋਂ ਇੱਕ ਸਕੂਟਰੀ ਵੀ ਚੋਰੀ ਹੋਈ ਸੀ |