ਫੱਤੂਢੀਂਗਾ, 24 ਜਨਵਰੀ (ਬਲਜੀਤ ਸਿੰਘ)- ਸਰਕਾਰੀ ਹਾਈ ਸਕੂਲ ਅੰਮਿ੍ਤਪੁਰ ਰਾਜੇਵਾਲ ਦੀ ਹੈੱਡਮਿਸਟ੍ਰੈਸ ਡਿੰਪਲ ਪੰਨੂੰ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਪਿੰਡ ਅੰਮਿ੍ਤਪੁਰ, ਰਾਜੇਵਾਲ, ਮੁੰਡੀ ਛੰਨਾ ਦੀਆਂ ਪੰਚਾਇਤਾਂ, ਬੱਚਿਆਂ ਤੇ ਪਿੰਡ ਵਾਸੀਆਂ ਨੇ ਸਕੂਲ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦੇ ਕੇ ਰੋਸ ਜ਼ਾਹਿਰ ਕੀਤਾ ਜਿਸ ਦੌਰਾਨ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਮੁਖੀ ਵਲੋਂ ਸਕੂਲ ਦੇ ਹੀ ਮੈਥ ਮਾਸਟਰ ਸੁਰਿੰਦਰ ਸਿੰਘ ਨੂੰ ਬਿਨਾਂ ਵਜ੍ਹਾ ਲਗਾਤਾਰ ਤੰਗ ਪੇ੍ਰਸ਼ਾਨ ਤੇ ਅਪਮਾਨਿਤ ਕੀਤਾ ਜਾ ਰਿਹਾ ਹੈ | ਅਧਿਆਪਕ ਹਰ ਰੋਜ਼ ਸਕੂਲ ਆ ਰਿਹਾ ਹੈ ਪਰ ਸਕੂਲ ਮੁਖੀ ਜਾਣ ਬੁੱਝ ਕੇ ਹਾਜ਼ਰੀ ਰਜਿਸਟਰ ਵਿਚ ਉਸ ਦੀ ਹਾਜ਼ਰੀ ਨਹੀਂ ਲਗਵਾ ਰਹੀ | ਉਨ੍ਹਾਂ ਦੱਸਿਆ ਕਿ ਪੀੜਤ ਅਧਿਆਪਕ ਵੱਲੋਂ ਸਾਰਾ ਮਸਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਪੂਰਥਲਾ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਮਸਲੇ ਨੂੰ ਲਮਕਾਇਆ ਗਿਆ ਹੈ | ਪੀੜਤ ਅਧਿਆਪਕ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਰੇ ਮਸਲੇ ਤੋਂ ਜਾਣੂ ਕਰਵਾਇਆ ਤਾਂ ਉਨ੍ਹਾਂ ਵੱਲੋਂ ਸਕੂਲ ਮੁਖੀ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਕਿਹਾ ਗਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਲਿਖਵਾ ਕੇ ਦਿੱਤਾ ਜਾਵੇ ਤਾਂ ਹਾਜ਼ਰੀ ਲੱਗੇਗੀ ਪਰ 24 ਜਨਵਰੀ ਨੂੰ ਪੀੜਤ ਅਧਿਆਪਕ ਨੂੰ ਸਕੂਲ ਵਿਚੋਂ ਅਪਮਾਨਿਤ ਕਰਕੇ ਬਾਹਰ ਜਾਣ ਲਈ ਕਿਹਾ ਗਿਆ | ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਬੰਨੇਵਾਲ ਸਰਪੰਚ ਸ਼ਿੰਗਾਰਾ ਸਿੰਘ ਸਰਪੰਚ, ਬਲਵੰਤ ਸਿੰਘ ਰਾਜੇਵਾਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਤੋਂ ਮੰਗ ਕੀਤੀ ਕਿ ਜੇਕਰ ਪੀੜਤ ਅਧਿਆਪਕ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਰਲ ਕੇ 27 ਜਨਵਰੀ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਅਵਤਾਰ ਸਿੰਘ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਕੁਲਦੀਪ ਸਿੰਘ, ਗੌਰਵ ਗਿੱਲ, ਮਲਕੀਤ ਸਿੰਘ, ਬਲਵਿੰਦਰ ਭੰਡਾਲ, ਸੁਰਿੰਦਰ ਪਾਲ ਸਿੰਘ, ਨਰਿੰਦਰ ਸਿੰਘ ਔਜਲਾ, ਨੱਥਾ ਸਿੰਘ ਮੈਂਬਰ, ਮਹਿੰਦਰ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ, ਮੁਖ਼ਤਿਆਰ ਸਿੰਘ ਸਾਬਕਾ ਸਰਪੰਚ, ਬੱਗਾ ਸਿੰਘ, ਸੰਤੋਖ ਸਿੰਘ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਰਾਜਵੰਤ ਕੌਰ, ਕੁਲਦੀਪ ਸਿੰਘ ਹਾਜ਼ਰ ਸਨ |