ਕਪੂਰਥਲਾ, 2 ਮਾਰਚ (ਸਡਾਨਾ)-ਇਟਲੀ ਵਿਖੇ 7 ਤੇ 8 ਮਾਰਚ ਨੂੰ ਹੋ ਰਹੀ ਵਰਲਡ ਕਬੱਡੀ ਚੈਂਪੀਅਨਸ਼ਿਪ 'ਚ 5ਵੀਂ ਵਾਰ ਚੀਫ਼ ਟੈਕਨੀਕਲ ਆਫੀਸ਼ੀਅਲ ਨਿਯੁਕਤ ਹੋਣ 'ਤੇ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰੀਕ ਸਿੰਘ ਨੂੰ ਇਸ ਪ੍ਰਾਪਤੀ 'ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਕੌਰ ਨੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਬਲਦੇਵ ਸਿੰਘ ਨੇ ਪ੍ਰੋ. ਅਮਰੀਕ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਹ 5ਵੀਂ ਵਾਰ ਇਟਲੀ ਵਿਖੇ ਹੋਣ ਵਾਲੇ ਇਸ ਵਿਸ਼ਵ ਪੱਧਰੀ ਮੁਕਾਬਲੇ 'ਚ ਆਪਣੀਆਂ ਸੇਵਾਵਾਂ ਦੇਣ ਲਈ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪ੍ਰੋ. ਅਮਰੀਕ ਸਿੰਘ ਪਹਿਲਾਂ ਵੀ ਕਈ ਵਾਰ ਵਿਦੇਸ਼ਾਂ 'ਚ ਬਤੌਰ ਚੀਫ਼ ਟੈਕਨੀਕਲ ਆਫੀਸ਼ੀਅਲ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਚੱੁਕੇ ਹਨ ਤੇ ਖੁਦ ਵੀ ਕੌਮੀ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ | ਇਸ ਮੌਕੇ ਉੱਘੇ ਖੇਡ ਪੱਤਰਕਾਰ ਡਾ. ਜਤਿੰਦਰ ਸਾਬੀ ਨੇ ਵੀ ਪ੍ਰੋ. ਅਮਰੀਕ ਸਿੰਘ ਨੂੰ ਚੀਫ਼ ਟੈਕਨੀਕਲ ਆਫੀਸ਼ਅਲ ਚੁਣੇ ਜਾਣ 'ਤੇ ਮੁਬਾਰਕਬਾਦ ਦਿੱਤੀ |