ਫਗਵਾੜਾ, 9 ਮਾਰਚ (ਹਰਜੋਤ ਸਿੰਘ ਚਾਨਾ)-ਪੰਜਾਬ ਪੁਲਿਸ ਦੇ ਇਕ ਥਾਣੇਦਾਰ ਦੀ ਡਿਊਟੀ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਥਾਣੇਦਾਰ ਜਗਦੀਸ਼ ਸਿੰਘ ਵਜੋਂ ਹੋਈ ਹੈ, ਜੋ ਅੰਮਿ੍ਤਸਰ ਜ਼ਿਲ੍ਹੇ ਦੇ ਬਿਆਸ ਥਾਣੇ ਅਧੀਨ ਪੈਂਦੇ ਪਿੰਡ ਜੋਧੇਵਾਲ ਦਾ ਰਹਿਣ ਵਾਲਾ ਸੀ | ਜਾਣਕਾਰੀ ਅਨੁਸਾਰ ਥਾਣੇਦਾਰ ਜਗਦੀਸ਼ ਸਿੰਘ ਇਸ ਸਮੇਂ ਸਿਵਲ ਹਸਪਤਾਲ ਫਗਵਾੜਾ ਵਿਖੇ ਪੁਲਿਸ ਥਾਣਾ ਸਿਟੀ ਫਗਵਾੜਾ ਦੇ ਅਧੀਨ ਗਾਰਡ ਡਿਊਟੀ 'ਤੇ ਤਾਇਨਾਤ ਸੀ | ਐਤਵਾਰ ਨੂੰ ਹਸਪਤਾਲ ਦੀ ਗਾਰਡ ਚੌਕੀ 'ਤੇ ਡਿਊਟੀ ਕਰਦੇ ਸਮੇਂ ਉਸ ਨੂੰ ਅਚਾਨਕ ਬੇਚੈਨੀ ਮਹਿਸੂਸ ਹੋਈ ਤੇ ਉਹ ਡਿਗ ਪਿਆ | ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ | ਉਸ ਦੇ ਸਾਥੀ ਪੁਲਿਸ ਕਰਮਚਾਰੀਆਂ ਤੇ ਹਸਪਤਾਲ ਦੇ ਸਟਾਫ਼ ਵਲੋਂ ਤੁਰੰਤ ਉਨ੍ਹਾਂ ਦੀ ਮਦਦ ਕੀਤੀ ਗਈ ਤੇ ਇਲਾਜ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ | ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਦੇ ਥਾਣੇਦਾਰ ਪਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਤੇ ਮੌਤ ਦੀ ਪੁਸ਼ਟੀ ਕੀਤੀ | ਇਸ ਘਟਨਾ ਨਾਲ ਪੁਲਿਸ ਮਹਿਕਮੇ ਤੇ ਹਸਪਤਾਲ ਸਟਾਫ਼ 'ਚ ਸੋਗ ਦੀ ਲਹਿਰ ਦੌੜ ਗਈ | ਪੁਲਿਸ ਨੇ ਇਸ ਸੰਬੰਧ 'ਚ ਧਾਰਾ 194 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ | ਡਿਊਟੀ ਦੌਰਾਨ ਉਸਦੀ ਅਚਾਨਕ ਮੌਤ ਨਾਲ ਪੁਲਿਸ ਕਰਮਚਾਰੀਆਂ ਤੇ ਸਥਾਨਕ ਲੋਕਾਂ 'ਚ ਗਹਿਰਾ ਦੁੱਖ ਪਾਇਆ ਜਾ ਰਿਹਾ ਹੈ |