ਫਗਵਾੜਾ, 12 ਮਾਰਚ (ਹਰਜੋਤ ਸਿੰਘ ਚਾਨਾ)-ਇਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਆਪਣੇ ਹਲਕੇ ਨਾਲ ਸੰਬੰਧਿਤ ਬੰਗਾ ਰੋਡ ਸੜਕ ਦੀ ਖਸਤਾ ਹਾਲਤ ਦਾ ਮਾਮਲਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਬੰਗਾ ਰੋਡ ਫਗਵਾੜਾ ਬੱਸ ਅੱਡੇ ਤੋਂ ਮੇਹਲੀ ਬਾਈਪਾਸ ਤੱਕ ਲਗਪਗ 4 ਕਿੱਲੋਮੀਟਰ ਲੰਬੀ ਸੜਕ ਦੀ ਹਾਲਤ ਕਾਫ਼ੀ ਸਮੇਂ ਤੋਂ ਬਹੁਤ ਮਾੜੀ ਹੈ ਤੇ ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਰੋਜ਼ਾਨਾ ਆਵਾਜਾਈ 'ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧਾਲੀਵਾਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਮਸਲਾ ਲਗਾਤਾਰ ਉਠਾਇਆ ਜਾ ਰਿਹਾ ਹੈ ਪਰ ਅਜੇ ਤੱਕ ਇਸ ਸੜਕ ਦੀ ਮੁੜ ਉਸਾਰੀ ਤਾਂ ਦੂਰ ਢੰਗ ਨਾਲ ਮੁਰੰਮਤ ਵੀ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਬਾਅਦ ਮਨਾਏ ਜਾਣ ਵਾਲੇ ਭਗਵਾਨ ਵਿਸ਼ਵਕਰਮਾ ਮੇਲੇ ਦੌਰਾਨ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਇਸ ਰਸਤੇ ਰਾਹੀਂ ਆਉਂਦੇ ਹਨ ਤੇ ਸੜਕ ਦੀ ਖ਼ਰਾਬ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਧਾਲੀਵਾਲ ਨੇ ਸਪੀਕਰ ਰਾਹੀਂ ਪੰਜਾਬ ਸਰਕਾਰ ਨੂੰ ਦੱਸਿਆ ਕਿ ਪਿਛਲੇ ਸਾਲ ਸ੍ਰੀ ਵਿਸ਼ਵਕਰਮਾ ਮਹਾਂਉਤਸਵ ਤੋਂ ਪਹਿਲਾਂ ਸੜਕ ਦੀ ਹਾਲਤ ਇੰਨੀ ਮਾੜੀ ਸੀ ਕਿ ਉਨ੍ਹਾਂ ਨੇ ਨਿੱਜੀ ਖ਼ਰਚੇ ਨਾਲ ਸੜਕ ਦਾ ਪੈਚ ਵਰਕ ਕਰਵਾਇਆ ਤਾਂ ਜੋ ਸੰਗਤ ਨੂੰ ਰਾਹਤ ਮਿਲ ਸਕੇ | ਉਨ੍ਹਾਂ ਪੀ. ਡਬਲਿਊੂ. ਡੀ. ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਪਾਸੋਂ ਮੰਗ ਕੀਤੀ ਕਿ ਬੰਗਾ ਰੋਡ ਫਗਵਾੜਾ ਬੱਸ ਅੱਡੇ ਤੋਂ ਮੇਹਲੀ ਬਾਈਪਾਸ ਤੱਕ ਦੀ ਸੜਕ ਦੀ ਜਲਦ ਮੁੜ ਉਸਾਰੀ ਕਰਵਾਈ ਜਾਵੇ | ਧਾਲੀਵਾਲ ਵਲੋਂ ਵਿਧਾਨ ਸਭਾ 'ਚ ਇਸ ਮੁੱਦੇ ਨੂੰ ਚੁੱਕਣ ਦੀ ਆਮ ਲੋਕਾਂ 'ਚ ਕਾਫ਼ੀ ਚਰਚਾ ਹੈ ਕਿ ਉਨ੍ਹਾਂ ਸ਼ਹਿਰ ਦੇ ਇਸ ਗੰਭੀਰ ਮੁੱਦੇ ਨੂੰ ਵਿਧਾਨ ਸਭਾ 'ਚ ਰੱਖਿਆ | 12ਕਪੂਰਥਲਾ12