ਖਲਵਾੜਾ, 7 ਅਪ੍ਰੈਲ (ਮਨਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਦਿਵਿਆਂਗ ਵਰਗ ਨੂੰ ਬਜਟ ਸੈਸ਼ਨ ਦੌਰਾਨ ਅਣਗੌਲਿਆ ਕਰਨ ਅਤੇ ਸਬ ਕਮੇਟੀ ਨਾਲ ਹੋਈਆਂ ਅਨੇਕਾਂ ਅਸਫਲ ਮੀਟਿੰਗਾਂ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਡਾ. ਬਲਜੀਤ ਕੌਰ ਵਲੋਂ ਵੀ ਵਧੀਆ ਢੰਗ ਨਾਲ਼ ਭਲਾਈ ਸਕੀਮਾਂ ਨੂੰ ਲਾਗੂ ਕਰਵਾਉਣ ਵਿਚ ਫ਼ੇਲ੍ਹ ਹੋਏ ਹਨ, ਜਿਸ ਕਾਰਨ ਦਿਵਿਆਂਗ ਵਰਗ ਸਰਕਾਰ ਵਿਰੁੱਧ ਆਰ ਪਾਰ ਦੀ ਲੜਾਈ ਲਈ ਸੜਕਾਂ 'ਤੇ ਉੱਤਰਨ ਲਈ ਮਜਬੂਰ ਹਨ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਵੀਰ ਸੈਣੀ ਨੇ ਦੱਸਿਆ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਅੰਗਹੀਣ ਵਿਧਵਾ ਬੁਢਾਪਾ ਪੈਨਸ਼ਨ 2500 ਰੁਪਏ ਪ੍ਰਤੀ ਮਹੀਨੇ ਦੀ ਗਰੰਟੀ ਦਿੱਤੀ ਸੀ, ਜਿਸ ਸੰਬੰਧੀ ਐਕਸ਼ਨ ਕਮੇਟੀ ਵਲੋਂ ਕੈਬਨਿਟ ਮੰਤਰੀਆਂ ਸਮੇਤ ਵੱਖ-ਵੱਖ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਵੀ ਮੰਗ ਪੱਤਰ ਭੇਜੇ ਗਏ ਪਰ ਸਰਕਾਰ ਵਲੋਂ ਬੀਬੀਆਂ ਨੂੰ ਦਿੱਤੀ ਗਰੰਟੀ ਸੰਬੰਧੀ ਤਾਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਪਰ ਕੰਮ ਕਾਜ ਕਰਨ ਤੋਂ ਅਸਮਰਥ ਵਰਗ ਨੂੰ ਮਹਿੰਗਾਈ ਦੇ ਯੁੱਗ ਵਿਚ 1500/ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਹੀ ਦਿੱਤੀ ਜਾ ਰਹੀ ਹੈ ਜਦ ਕਿ ਗੁਆਂਢੀ ਰਾਜ ਹਰਿਆਣਾ ਸਰਕਾਰ ਵਲੋਂ 3500 ਰੁਪਏ ਵਿੱਤੀ ਸਹਾਇਤਾ ਪੈਨਸ਼ਨ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਗੁਪਤ ਐਕਸ਼ਨ ਵਿਸਾਖੀ ਤੋਂ ਬਾਅਦ ਫਗਵਾੜਾ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ, ਕਿਉਂਕਿ ਫਗਵਾੜਾ ਵਿਖੇ ਸੂਬਾ ਪੱਧਰੀ ਧਰਨਾ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ਼ ਐਕਸ਼ਨ ਕਮੇਟੀ ਦੇ 11 ਮੈਂਬਰੀ ਵਫ਼ਦ ਦੀ ਮੀਟਿੰਗ ਤੈਅ ਨਹੀਂ ਕਰਵਾਈ ਜਾਂਦੀ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਨੂੰ ਮਾਰਚ ਮਹੀਨੇ ਵੀ ਆਸ਼ਵਾਸਨ ਦਿੱਤਾ ਸੀ ਕਿ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਕਰਵਾਈ ਜਾਵੇਗੀ ਪਰ ਪ੍ਰਸ਼ਾਸਨ ਵਲੋਂ ਹਾਂ ਪੱਖੀ ਹੁੰਗਾਰਾ ਨਾ ਮਿਲਣ ਕਾਰਨ ਦਿਵਿਆਂਗ ਐਕਸ਼ਨ ਕਮੇਟੀ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨਾ ਨੇ ਗੁਪਤ ਐਕਸ਼ਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਸ੍ਰੀਮਤੀ ਦਵਿੰਦਰ ਕੌਰ ਫਗਵਾੜਾ ਕਰਨਗੇ |