ਕਪੂਰਥਲਾ, 11 ਅਪ੍ਰੈਲ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਮਿਲਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਤਿੰਨ ਹਵਾਲਾਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਸਹਾਇਕ ਸੁਪਰਡੈਂਟ ਸਤਪਾਲ ਸਿੰਘ ਤੇ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਜਦੋਂ ਹਵਾਲਾਤੀ ਮਨਦੀਪ ਸਿੰਘ ਦੀ ਜਾਂਚ ਕਰਨ ਲੱਗੇ ਤਾਂ ਉਕਤ ਬੰਦੀ ਨੇ ਆਪਣਾ ਫੋਨ ਤੋੜ ਕੇ ਛੁਪਾ ਦਿੱਤਾ ਜੋ ਕਿ ਪੁਲਿਸ ਨੇ ਉਸ ਦੇ ਬਿਸਤਰੇ ਹੇਠੋਂ ਬਰਾਮਦ ਕਰ ਲਿਆ | ਇਸੇ ਤਰ੍ਹਾਂ ਬੈਰਕਾਂ ਦੀ ਜਾਂਚ ਮੌਕੇ ਸੀ. ਆਰ. ਪੀ. ਐਫ. ਤੇ ਜੇਲ੍ਹ ਗਾਰਦ ਨੇ ਹਵਾਲਾਤੀ ਰਜਿੰਦਰ ਸਿੰਘ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਕੀਤਾ | ਇਸੇ ਤਰ੍ਹਾਂ ਹਵਾਲਾਤੀ ਗੌਰਵ ਪਾਸੋਂ ਇਕ ਮੋਬਾਈਲ ਫੋਨ ਬਰਾਮਦ ਹੋਇਆ, ਜਦਕਿ ਇਕ ਫੋਨ ਲਾਵਾਰਸ ਹਾਲਤ ਵਿਚ ਮਿਲਿਆ | ਕੋਤਵਾਲੀ ਪੁਲਿਸ ਨੇ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਇਨ੍ਹਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |