ਕਪੂਰਥਲਾ, 15 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਦੇ ਸਬੰਧ 'ਚ ਲਾਇਲਪੁਰ ਖ਼ਾਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਕਰਵਾਏ ਗਏ ਸਮਾਗਮ ਵਿਚ ਕਾਲਜ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ | ਜਿਸ ਵਿਚ 40 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਸਮਾਗਮ ਵਿਚ ਜੋਗਿੰਦਰ ਸਿੰਘ ਡਿਪਟੀ ਰਜਿਸਟਰਾਰ ਜਨਰਲ, ਡਾ. ਸੁਨੀਲ ਕੁਮਾਰ ਡਿਪਟੀ ਰਜਿਸਟਰਾਰ (ਆਈ.ਟੀ. ਵਿਭਾਗ) ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਦੋਹਾਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਭਾਰਤੀ ਸੰਵਿਧਾਨ ਦੀ ਮਹੱਤਤਾ ਤੇ ਡਾ. ਅੰਬੇਡਕਰ ਦੀ ਪ੍ਰੇਰਨਾਦਾਇਕ ਜੀਵਨ ਯਾਤਰਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਦੇ ਨਾਲ-ਨਾਲ ਉੱਘੇ ਲੇਖਕ ਤੇ ਚਿੰਤਕ ਵੀ ਸਨ | ਇਸ ਮੌਕੇ ਬੋਲਦਿਆਂ ਡਿਪਟੀ ਰਜਿਸਟਰਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਦਾ ਵਿਸ਼ਵਾਸ ਸੀ ਕਿ ਸਿੱਖਿਆ ਹੀ ਉਹ ਸ਼ਕਤੀ ਹੈ ਜੋ ਸਮਾਜ ਨੂੰ ਅੱਗੇ ਵਧਾਉਣ ਤੋਂ ਇਲਾਵਾ ਮਨੁੱਖ ਨੂੰ ਆਜ਼ਾਦੀ ਦਿਵਾ ਸਕਦੀ ਹੈ | ਉਨ੍ਹਾਂ ਡਾ. ਅੰਬੇਡਕਰ ਦੇ ਜੀਵਨ ਤੇ ਫ਼ਲਸਫ਼ੇ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਬੋਲਦਿਆਂ ਡਾ. ਸੁਨੀਲ ਕੁਮਾਰ ਨੇ ਕਿਹਾ ਕਿ ਡਾ. ਅੰਬੇਡਕਰ ਨੇ ਸਾਰੀ ਜ਼ਿੰਦਗੀ ਸਮਾਜ ਵਿਚ ਬਰਾਬਰੀ ਤੇ ਨਿਆਂ ਲਈ ਸੰਘਰਸ਼ ਕੀਤਾ ਤੇ ਉਨ੍ਹਾਂ ਜਾਤੀ ਪ੍ਰਥਾ ਤੇ ਛੂਆਛਾਤ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਗਿਆ ਨਾਅਰਾ 'ਪੜੋ੍ਹ, ਜੁੜੋ ਤੇ ਸੰਘਰਸ਼ ਕਰੋ' ਲੋਕਾਂ ਨੂੰ ਜਾਗਰੂਕਤਾ ਤੇ ਏਕਤਾ ਦੀ ਪੇ੍ਰਰਨਾ ਦਿੰਦਾ ਹੈ | ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਪ੍ਰੋ. ਗਗਨ ਨੇ ਭਾਰਤੀ ਸੰਵਿਧਾਨ ਦੀ ਬਣਤਰ ਪ੍ਰਕਿਰਿਆ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਕੁਇਜ਼ ਮੁਕਾਬਲੇ ਵਿਚ ਟੀਮ ਸੀ ਦੇ ਕਰਨਜੀਤ ਕਪੂਰ, ਅਨਵ ਕੁਮਾਰ ਤੇ ਸ਼ਿਵਮ ਯਾਦਵ ਨੇ ਪਹਿਲਾ, ਟੀਮ ਬੀ ਦੇ ਸਿਮਰਨ, ਸਮਰਜੀਤ ਤੇ ਪ੍ਰਥਮੇਸ਼ ਨੇ ਦੂਜਾ ਤੇ ਟੀਮ ਏ ਦੀ ਭੂਮਿਕਾ, ਅਨਮੋਲ ਤੇ ਸੰਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਤੇ ਵਿਸ਼ੇਸ਼ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਨੇ ਬਾਖ਼ੂਬੀ ਨਾਲ ਨਿਭਾਈ |