ਕਪੂਰਥਲਾ, 15 ਅਪ੍ਰੈਲ (ਸਡਾਨਾ)-ਬੀਤੇ ਮਹੀਨੇ ਇਕ ਫ਼ੈਸਲੇ ਦੌਰਾਨ ਥਾਣਾ ਸਿਟੀ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਨੇ ਦੂਸਰੀ ਧਿਰ ਦੇ ਬਿਆਨਾਂ ਤਹਿਤ ਕਰਾਸ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਜਤਿੰਦਰ ਗੁਪਤਾ ਨੇ ਦੱਸਿਆ ਕਿ ਉਹ ਥਾਣਾ ਸਿਟੀ ਵਿਖੇ ਇਕ ਵਿਅਕਤੀ ਨਾਲ ਉਨ੍ਹਾਂ ਦੇ ਝਗੜੇ ਸਬੰਧੀ ਪੰਚਾਇਤੀ ਤੌਰ 'ਤੇ ਗਿਆ ਸੀ, ਜਿੱਥੇ ਕਥਿਤ ਦੋਸ਼ੀ ਸ਼ਾਮ ਸੁੰਦਰ ਅਗਰਵਾਲ ਸਾਬਕਾ ਕੌਂਸਲਰ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਨੇ ਉਨ੍ਹਾਂ ਦੇ ਨਾਲ ਥਾਣੇ ਵਿਖੇ ਝਗੜਾ ਕੀਤਾ ਤੇ ਉਸਦੇ ਸੱਟਾਂ ਮਾਰੀਆਂ | ਇੱਥੇ ਜ਼ਿਕਰਯੋਗ ਹੈ ਕਿ ਪਹਿਲਾਂ ਸ਼ਾਮ ਸੁੰਦਰ ਅਗਰਵਾਲ ਦੀ ਸ਼ਿਕਾਇਤ 'ਤੇ ਜਤਿੰਦਰ ਕੁਮਾਰ ਗੁਪਤਾ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਕੇਸ ਦਰਜ ਹੋਇਆ ਸੀ, ਜਦਕਿ ਹੁਣ ਉਨ੍ਹਾਂ ਦੀ ਸ਼ਿਕਾਇਤ 'ਤੇ ਸ਼ਾਮ ਸੁੰਦਰ ਅਗਰਵਾਲ ਸਮੇਤ ਉਨ੍ਹਾਂ ਦੇ ਅੱਧੀ ਦਰਜਨ ਸਾਥੀਆਂ ਵਿਰੁੱਧ ਸਿਟੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |