ਕਪੂਰਥਲਾ, 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦਾ ਸੀ. ਬੀ. ਐਸ. ਈ. ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਇਸ ਸੰਬੰਧੀ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਦੱਸਿਆ ਕਿ ਸਕੂਲ ਦੇ 62 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ | ਜਿਸ 'ਚੋਂ 20 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੇ 37 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ | ਉਨ੍ਹਾਂ ਕਿਹਾ ਕਿ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਨੇ 98.4 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਜਸਮੀਤ ਕੌਰ ਤੇ ਰਮਨੀਤ ਕੌਰ ਨੇ 97.6 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਅਵਨੀਤ ਕੌਰ ਨੇ 97 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਦੇ 6 ਵਿਦਿਆਰਥੀਆਂ ਨੇ ਪੰਜਾਬੀ, ਅੰਗਰੇਜ਼ੀ ਤੇ ਆਈ. ਟੀ. ਵਿਸ਼ੇ ਵਿਚ 100 ਪ੍ਰਤੀਸ਼ਤ ਅੰਕ ਲੈ ਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਡਾਇਰੈਕਟਰ ਤੇ ਪਿ੍ੰਸੀਪਲ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਇਸ ਨਤੀਜੇ ਦੀ ਸਫ਼ਲਤਾ ਦਾ ਸਿਹਰਾ ਹੋਣਹਾਰ ਵਿਦਿਆਰਥੀਆਂ ਤੇ ਅਧਿਆਪਕਾਂ ਸਿਰ ਬੰਨਿਆ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਸਫ਼ਲ ਰਹੇ |