ਸੁਲਤਾਨਪੁਰ ਲੋਧੀ, 17 ਅਪ੍ਰੈਲ (ਥਿੰਦ)-ਇਨਰਵੀਲ ਕਲੱਬ ਸੁਲਤਾਨਪੁਰ ਲੋਧੀ ਦੀ ਮੀਟਿੰਗ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ | ਇਸ ਮੌਕੇ ਮੈਂਬਰਾਂ ਨੇ ਆਪਣੇ ਆਪਣੇ ਸੁਝਾਅ ਰੱਖਦਿਆਂ ਸਮਾਜ ਵਿਚ ਕੋਹੜ ਵਾਂਗ ਫੈਲ ਰਹੇ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਉਣ ਲਈ ਹਾਮੀ ਭਰੀ | ਇਸ ਮੌਕੇ ਕਲੱਬ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਦਿਨੋਂ ਦਿਨ ਫੈਲ ਰਹੇ ਕੋਹੜ ਨੂੰ ਖ਼ਤਮ ਕੀਤਾ ਜਾਵੇ |ਇਸ ਮੌਕੇ ਕਲੱਬ ਮੈਂਬਰਾਂ ਨੇ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਇਸ ਮੁਹਿੰਮ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ, ਕਿਉਂਕਿ ਇਸ ਬੁਰਾਈ ਨੇ ਬਹੁਤ ਘਰ ਬਰਬਾਦ ਕੀਤੇ ਹਨ | ਇਸ ਮੌਕੇ ਕੁਲਵੰਤ ਕੌਰ ਵਿਰਦੀ, ਪਰਵਿੰਦਰ ਕੌਰ, ਪਰਮਜੀਤ ਕੌਰ ਸੁੱਖ, ਰੁਪਿੰਦਰ ਕੌਰ, ਪਰਮਜੀਤ ਕੌਰ ਮੋਮੀ, ਸਨੇਹ ਗੁਜਰਾਲ, ਸੁਦੇਸ਼ ਭੰਡਾਰੀ, ਨਰਿੰਦਰ ਕੌਰ, ਰਾਜਬੀਰ ਕੌਰ, ਮਲਕੀਤ ਕੌਰ ਆਦਿ ਹਾਜ਼ਰ ਸਨ |