ਭੁਲੱਥ, 21 ਅਪ੍ਰੈਲ (ਮਨਜੀਤ ਸਿੰਘ ਰਤਨ)-ਪੰਜਾਬ ਪਾਵਰਕਾਮ ਵਿਭਾਗ ਵਿਚ ਸੇਵਾ ਨਿਭਾ ਰਹੇ ਠੇਕਾ ਮੁਲਾਜ਼ਮਾਂ ਦੀ ਪਾਵਰਕਾਮ ਟਰਾਂਸਕੋ ਠੇਕਾ ਯੂਨੀਅਨ ਪੰਜਾਬ ਵਲੋਂ ਵਿਭਾਗ 'ਚ ਪੱਕੀ ਨਿਯੁਕਤੀ ਕਰਨ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 12 ਦਿਨ ਤੋਂ ਨਿਰੰਤਰ ਹੜਤਾਲ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਯੂਨੀਅਨ ਵਲੋਂ ਅਣਮਿਥੇ ਸਮੇਂ ਤੱਕ ਹੜਤਾਲ ਦਾ ਐਲਾਨ ਹੋਇਆ ਹੈ | ਇਸ ਸੰਬੰਧੀ ਪਾਵਰਕਾਮ ਦਫ਼ਤਰ ਭੁਲੱਥ ਤਾਇਨਾਤ ਠੇਕਾ ਕਰਮਚਾਰੀ ਤੇ ਯੂਨੀਅਨ ਵਲੋਂ ਬਣੇ ਡਵੀਜ਼ਨ ਭੁਲੱਥ ਦੇ ਪ੍ਰਧਾਨ ਜਗਦੀਪ ਸਿੰਘ ਹੁੰਦਲ ਨੇ ਦੱਸਿਆ ਕਿ ਡਵੀਜ਼ਨ ਭੁਲੱਥ 'ਚ ਸੇਵਾ ਨਿਭਾ ਰਹੇ ਸਮੂਹ ਠੇਕਾ ਕਾਮੇ ਹੜਤਾਲ ਦਾ ਸਮਰਥਨ ਕਰਦੇ ਹਨ ਅਤੇ ਯੂਨੀਅਨ ਦੇ ਹਰ ਫ਼ੈਸਲੇ ਤੇ ਐਲਾਨ ਨਾਲ ਸਹਿਮਤ ਹਨ | ਜਗਦੀਪ ਹੁੰਦਲ ਨੇ ਦੱਸਿਆ ਨੇ ਸਮੂਹ ਠੇਕਾ ਕਾਮਿਆਂ ਵਲੋਂ 8 ਅਪ੍ਰੈਲ ਤੋਂ ਸੇਵਾਵਾਂ ਬੰਦ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ | ਹੁੰਦਲ ਨੇ ਦੱਸਿਆ ਕਿ ਠੇਕਾ ਕਰਮਚਾਰੀ ਯੂਨੀਅਨ ਨਾਲ ਪੰਜਾਬ ਦੇ ਖ਼ਜ਼ਾਨਾ ਮੰਤਰੀ ਵਲੋਂ ਮੰਗਾਂ ਸੰਬੰਧੀ ਮੀਟਿੰਗ ਕੀਤੀ ਗਈ ਸੀ ਪਰ ਉਹ ਬੇ-ਸਿੱਟਾ ਰਹੀ ਹੈ, ਜਦ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਾਵਰਕਾਮ ਠੇਕਾ ਕਾਮਿਆਂ ਨੂੰ ਪੱਕੀ ਨਿਯੁਕਤੀ ਕਰਨ ਦਾ ਵਾਅਦਾ ਕੀਤਾ ਗਿਆ ਸੀ | ਹੁਣ ਸਰਕਾਰ ਸਾਡੇ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ ਤੇ ਘੱਟ ਤਨਖ਼ਾਹਾਂ ਤੇ ਵੱਧ ਕੰਮ ਕਰਵਾਏ ਜਾ ਰਹੇ ਹਨ, ਜੋ ਸਾਡੇ ਨਾਲ ਬੇਇਨਸਾਫ਼ੀ ਹੈ | ਹੁੰਦਲ ਨੇ ਕਿਹਾ ਜਦੋਂ ਕਿਸੇ ਠੇਕਾ ਕਰਮਚਾਰੀ ਨਾਲ ਬਿਜਲੀ ਮੁਰੰਮਤ ਵਕਤ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਵਕਤ ਸਰਕਾਰ ਜਾਂ ਵਿਭਾਗ ਵਲੋਂ ਕੋਈ ਬਾਂਹ ਨਹੀਂ ਫੜੀ ਜਾਂਦੀ ਅਤੇ ਮਹਿੰਗੇ ਮੁੱਲ ਦੀ ਜਾਨ ਭੰਗ ਭਾੜੇ ਉਸ ਕਰਮਚਾਰੀ ਦੀ ਚਲੀ ਜਾਂਦੀ ਹੈ ਜਾਂ ਜ਼ਿੰਦਗੀ ਭਰ ਉਸਦਾ ਤਾਪ ਭੋਗਦਾ ਹੈ, ਜੋ ਸਰਾਸਰ ਬੇਇਨਸਾਫ਼ੀ ਹੈ |