ਸੁਲਤਾਨਪੁਰ ਲੋਧੀ, 21 ਅਪ੍ਰੈਲ (ਥਿੰਦ)-ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ 'ਚ ਗਿਆਰ੍ਹਵੀਂ ਜਮਾਤ ਦੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਫਰੈਸ਼ਰ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ | ਸਮਾਗਮ 'ਚ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਪ੍ਰੋਗਰਾਮ ਜਿਵੇਂ ਕਿ ਭੰਗੜਾ, ਭਾਸ਼ਨ ਅਤੇ ਗੀਤ ਪੇਸ਼ ਕਰਕੇ ਸਭ ਨੂੰ ਮੋਹ ਲਿਆ | ਬੱਚਿਆਂ ਨੇ ਆਪਣੇ ਭਾਸ਼ਨ ਵਿਚ ਆਪਣੇ ਸਕੂਲ ਬਾਰੇ ਦੱਸਿਆ ਕਿ ਕਿਵੇਂ ਇਥੇ ਉਹ ਆਪਣੇ ਉੱਜਵਲ ਭਵਿੱਖ ਦਾ ਸੁਪਨਾ ਦੇਖ ਰਹੇ ਹਨ | ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਭਾਰਨ ਵਿਚ ਸਕੂਲ ਦਾ ਬਹੁਤ ਯੋਗਦਾਨ ਹੈ | ਸਮਾਗਮ ਦਾ ਮੁੱਖ ਆਕਰਸ਼ਣ ਮਿਸਟਰ ਫਰੈਸ਼ਰ ਤੇ ਮਿਸ ਫਰੈਸ਼ਰ ਦੀ ਚੋਣ ਰਹੀ | ਇਸ ਦੌਰਾਨ ਅਰਮਾਨ ਸਿੰਘ ਨੂੰ ਮਿਸਟਰ ਫਰੈਸ਼ਰ ਤੇ ਜਸਲੀਨ ਕੌਰ ਨੂੰ ਮਿਸ ਫਰੈਸ਼ਰ ਘੋਸ਼ਿਤ ਕੀਤਾ | ਦੋਹਾਂ ਨੇ ਆਪਣੇ ਵਿਸ਼ਵਾਸ, ਪ੍ਰਤਿਭਾ ਤੇ ਸ਼ਖ਼ਸੀਅਤ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ | ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਅਨੁਸ਼ਾਸਨ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ 'ਚ ਆਤਮ ਵਿਸ਼ਵਾਸ ਪੈਦਾ ਕਰਦੇ ਅਤੇ ਉਹ ਜ਼ਿੰਦਗੀ ਵਿਚ ਹਰ ਮੁਕਾਮ ਨੂੰ ਹਾਸਿਲ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਦੇ ਹਨ | ਸਮਾਗਮ ਖ਼ੁਸ਼ੀ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ ਅਤੇ ਸਾਰੇ ਵਿਦਿਆਰਥੀਆਂ ਲਈ ਯਾਦਗਾਰ ਬਣ ਗਿਆ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |