ਕਪੂਰਥਲਾ, 22 ਅਪ੍ਰੈਲ (ਵਿ.ਪ੍ਰ.)-ਸਹਿਕਾਰੀ ਸਭਾਵਾਂ ਦੇ ਸਮੂਹ ਨਿਰੀਖਕ ਆਉਣ ਵਾਲੇ ਦਿਨਾਂ ਵਿਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਪਿੰਡ ਪੱਧਰ 'ਤੇ ਜਾ ਕੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਯਾਦਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਨੇ ਅੱਜ ਬਲਾਕ ਕਪੂਰਥਲਾ ਦੇ ਸਹਿਕਾਰੀ ਸਭਾਵਾਂ ਦੇ ਸਮੂਹ ਨਿਰੀਖਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਫ਼ਸਲੀ ਰਹਿੰਦ ਖੂੰਹਦ ਨੂੰ ਮਿੱਟੀ ਵਿਚ ਮਿਲਾਉਣ ਲਈ ਸਹਿਕਾਰੀ ਸਭਾਵਾਂ ਅੰਦਰ ਰੋਟਾਵੇਟਰ, ਸੁਪਰ ਸੀਡਰ, ਪਲਾਓ, ਹੈਪੀ ਸੀਡਰ, ਤਵੀਆਂ ਤੇ ਹੋਰ ਆਧੁਨਿਕ ਸੰਦ ਮੌਜੂਦ ਹਨ, ਜੋ ਛੋਟੇ ਕਿਸਾਨਾਂ ਨੂੰ ਕਣਕ ਦੇ ਖੇਤਾਂ ਵਿਚ ਨਾੜ ਨੂੰ ਧਰਤੀ ਵਿਚ ਮਿਲਾਉਣ ਲਈ ਮੁਫ਼ਤ ਮੁਹੱਈਆ ਕਰਵਾਏ ਜਾਣਗੇ | ਉਨ੍ਹਾਂ ਨਿਰੀਖਕਾਂ ਨੂੰ ਕਿਹਾ ਕਿ ਉਹ ਕਿਸਾਨਾਂ ਨਾਲ ਤਾਲ ਮੇਲ ਕਰਕੇ ਪਹਿਲ ਦੇ ਆਧਾਰ 'ਤੇ ਖੇਤੀ ਸਬੰਧੀ ਸੰਦਾਂ ਦੀ ਵਰਤੋਂ ਕਰਨ ਲਈ ਬੁਕਿੰਗ ਸ਼ੁਰੂ ਕਰਕੇ ਸਹੀ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਨੂੰ ਪਾਬੰਦ ਕਰਨ | ਮੀਟਿੰਗ ਵਿਚ ਮਨਮੀਤ ਸਿੰਘ, ਅਤਿੰਦਰਪਾਲ ਸਿੰਘ, ਸੁਮਿਤ ਮਹਾਜਨ, ਅਮਨਪ੍ਰੀਤ ਸਿੰਘ ਸਾਰੇ ਨਿਰੀਖਕ ਤੋਂ ਇਲਾਵਾ ਸਭਾਵਾਂ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ |