ਤਲਵੰਡੀ ਚੌਧਰੀਆਂ, 22 ਅਪ੍ਰੈਲ (ਪਰਸਨ ਲਾਲ ਭੋਲਾ)-ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਸਿਆਸੀ ਹਾਲਤ ਚਿੰਤਾਜਨਕ ਹੋ ਗਈ ਹੈ, ਪੰਜਾਬ ਲਗਾਤਾਰ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾ ਰਿਹਾ ਹੈ ਤੇ ਬੇਰੁਜ਼ਗਾਰੀ ਕਾਰਨ ਪੰਜਾਬ ਦੀ ਜਵਾਨੀ ਵਿਦੇਸ਼ਾਂ ਨੂੰ ਭੱਜ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਂਵਾ ਕਰਦਿਆਂ ਸਾਬਕਾ ਸਰਪੰਚ ਹਰਜਿੰਦਰ ਸਿੰਘ ਘੁਮਾਣ, ਬਲਵਿੰਦਰ ਸਿੰਘ ਤੁੜ, ਹਰਦਿਆਲ ਸਿੰਘ ਨਿਹਾਲਾ ਅਤੇ ਕੀਰਤਨ ਪਾਲ ਸਿੰਘ ਸੰਧੂ ਆਗੂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੈ | ਨਸ਼ਿਆਂ ਨੂੰ ਰੋਕਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਰੋਜ਼ ਨਸ਼ੇ ਦੀ ਭੇਟ ਚੜ੍ਹਦੇ ਮਾਵਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ | ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ ਜਿਸ ਨੇ ਹਰ ਮੁਸੀਬਤ ਵਿੱਚ ਆਪਣੇ ਲੋਕਾਂ ਦਾ ਸਾਥ ਦਿੱਤਾ | ਹਾਲ ਹੀ ਵਿੱਚ ਆਏ ਹੜ੍ਹਾਂ ਵਿੱਚ ਜਿੱਥੇ ਪੰਜਾਬ ਦੇ ਮੁਸੀਬਤ ਮਰੇ ਲੋਕਾਂ ਦਾ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ, ਮੁਲਾਜ਼ਮ ਲਹਿਰ ਅਤੇ ਕਈ ਅਦਾਰਿਆਂ ਨੇ ਲੋਕਾਂ ਦੀ ਬਾਂਹ ਫੜੀ ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਹੜ੍ਹ ਮਾਰੇ ਲੋਕਾਂ ਦੀ ਦਰਦ ਕਹਾਣੀ ਨੂੰ ਸਮਝਿਆ 'ਤੇ ਮੌਕੇ ਅਨੁਸਾਰ ਨਗਦ, ਡੀਜ਼ਲ, ਖਾਦਾਂ, ਕਣਕਾਂ ਦੇ ਬੀਜ ਅਤੇ ਹੋਰ ਜ਼ਰੂਰਤ ਵਾਲੀਆਂ ਚੀਜ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਜਾ ਕੇ ਆਪਣੇ ਹੱਥੀ ਸੇਵਾ ਕੀਤੀ | ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਨ੍ਹਾਂ ਲੋਕਾਂ ਛੱਡਿਆ ਸੀ ਉਨ੍ਹਾਂ ਘਰ ਵਾਪਸੀ ਵੱਲ ਮੂੰਹ ਕਰ ਲਿਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ | ਆਗੂਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿਨ ਬ ਦਿਨ ਵਧਦੀ ਤਾਕਤ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਵਾਪਸੀ ਕਰੇਗੀ |