ਨਡਾਲਾ, 22 ਅਪ੍ਰੈਲ (ਰਘਬਿੰਦਰ ਸਿੰਘ)-ਹਲਕਾ ਭੁਲੱਥ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ | ਜੇਕਰ ਗੱਲ ਕਰੀਏ ਤਾਂ ਪਹਿਲਾਂ-ਪਹਿਲ ਚੋਰ ਬੰਦ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਪਰੰਤੂ ਹੁਣ ਤਾਂ ਵਸੋਂ ਵਾਲੇ ਘਰਾਂ 'ਚ ਬੇਖ਼ੌਫ ਦਾਖਲ ਹੋ ਕੇ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਬੀਤੀ ਦੇਰ ਰਾਤ ਥਾਣਾ ਢਿਲਵਾਂ ਦੇ ਪਿੰਡ ਹੈਬਤਪੁਰ ਤੋਂ ਸਾਹਮਣੇ ਆਇਆ ਜਿੱਥੇ 6 ਤੋਂ 7 ਚੋਰਾਂ ਦਾ ਗਿਰੋਹ, ਬੇਖ਼ੌਫ ਹੋ ਕੇ ਸਿਲਸਿਲੇ ਵਾਰ ਤਿੰਨ ਘਰਾਂ 'ਚ ਦਾਖਲ ਹੁੰਦੇ ਹਨ ਪਰੰਤੂ ਚੋਰਾਂ ਦੀ ਮਾੜੀ ਕਿਸਮਤ ਕਿਸੇ ਘਰ 'ਚ ਵੀ ਉਨ੍ਹਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ | ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਰਾਤ ਤਕਰੀਬਨ ਪੌਣੇ ਕੁ ਤਿੰਨ ਵਜੇ ਉਨ੍ਹਾਂ ਨੂੰ ਆਪਣੇ ਘਰ ਖੜਾਕੇ ਦੀ ਆਵਾਜ਼ ਆਈ ਜਦੋਂ ਵਿਹੜੇ ਚ ਆਣ ਕੇ ਦੇਖਿਆ ਤਾਂ ਉਨ੍ਹਾਂ ਨੂੰ ਕੁਛ ਵੀ ਨਹੀਂ ਦਿਖਿਆ ਪਰ ਗਮਲੇ ਟੁੱਟੇ ਹੋਏ ਮਿਲੇ ਇਸ ਦੌਰਾਨ ਕੋਠੇ ਤੋਂ ਆਵਾਜ਼ ਆ ਰਹੀ ਸੀ ਇਸ ਦੌਰਾਨ ਮੈਂ ਨੇੜਲੇ ਗਵਾਂਢੀਆਂ ਨੂੰ ਫ਼ੋਨ ਤੇ ਬੁਲਾਇਆ ਅਤੇ, ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਹ ਛੱਤ ਉੱਪਰੋਂ ਕਿਧਰੇ ਭੱਜ ਗਏ ਉਨ੍ਹਾਂ ਦੱਸਿਆ ਕਿ ਉਹ ਕੋਠੇ ਉੱਪਰ ਗਰਿਲ ਤੋੜ ਕੇ ਅੰਦਰ ਦਾਖਲ ਹੋਣਾ ਚਾਹੁੰਦੇ ਸਨ | ਇਸੇ ਤਰ੍ਹਾਂ ਦੂਜੇ ਘਰ ਬਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਬੱਚਿਆਂ ਦੇ ਨਾਲ ਕਮਰੇ ਵਿੱਚ ਸੋ ਰਹੀ ਸੀ ਤਾਂ ਰਾਤ ਢਾਈ ਕੁ ਵਜੇ ਦੇ ਕਰੀਬ ਉਸ ਨੂੰ ਦੂਸਰੇ ਕਮਰੇ ਵਿੱਚ ਖੜਾਕੇ ਦੀ ਆਵਾਜ਼ ਆਉਣ ਲੱਗੀ ਤਾਂ ਮੈਂ ਡਰ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦੂਸਰੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡਾ ਲਾ ਲਿਆ ਤੇ ਕੁੱਝ ਸਮੇਂ ਬਾਅਦ ਜਦੋਂ ਖੜਾਕੇ ਦੀ ਆਵਾਜ਼ ਬੰਦ ਹੋਈ ਤਾਂ ਦੇਖਿਆ ਕਿ ਦੂਸਰੇ ਕਮਰੇ ਵਿੱਚ ਚੋਰਾਂ ਨੇ ਅਲਮਾਰੀ ਦੀ ਭੰਨ ਤੋੜ ਕੀਤੀ ਅਤੇ ਉਹ ਮਕਾਨ ਦੇ ਪਿਛਲੀ ਸਾਈਡ ਵੱਲ ਦੀ ਕਿਧਰੇ ਭੱਜ ਗਏ | ਇਸੇ ਤਰ੍ਹਾਂ ਹੈਬਤਪੁਰ ਦੇ ਤੀਜੇ ਘਰ ਵਿੱਚ ਹੋਈ ਚੋਰੀ ਦਾ ਪਰਿਵਾਰਿਕ ਮੈਂਬਰਾਂ ਨੂੰ ਜਦ ਉਹ ਸਵੇਰੇ ਉੱਠੇ ਤਦ ਪਤਾ ਲੱਗਾ | ਜਾਣਕਾਰੀ ਦਿੰਦਿਆਂ ਮਨਜੋਤ ਸਿੰਘ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਪੰਜ ਕੁ ਵਜੇ ਨਾਲ ਉੱਠਿਆ ਤਾਂ ਵੇਖਿਆ ਕਿ ਲੋਬੀ 'ਚ ਪਏ ਬੈੱਡ ਦੀਆਂ ਚਾਦਰਾਂ ਖਿੱਲਰੀਆਂ ਸਨ ਅਤੇ ਅਲਮਾਰੀ ਖੁੱਲੀ ਪਈ ਸੀ ਤੇ ਸਮਾਨ ਖਿੱਲਰਿਆ ਪਿਆ ਸੀ ਤਾਂ ਉਹ ਘਬਰਾ ਗਏ | ਜਦੋਂ ਉਹ ਛੱਤ 'ਤੇ ਗਏ ਤਾਂ ਵੇਖਿਆ ਕਿ ਛੱਤ ਉੱਪਰ ਖਿੜਕੀ ਟੁੱਟੀ ਹੋਈ ਸੀ ਜਿੱਥੋਂ ਦੀ ਉਹ ਕੋਠੀ ਅੰਦਰ ਦਾਖਲ ਹੋਏ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤਾ ਤਾਂ ਰਾਤ 3 ਵਜੇ ਦੇ ਕਰੀਬ ਤਿੰਨ ਚੋਰ ਉਨ੍ਹਾਂ ਦੇ ਘਰ ਚਹਿਲ ਪਹਿਲ ਕਰਦੇ ਦੇਖੇ ਗਏ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਹਾਲਾਂਕਿ ਹੈਬਤਪੁਰ ਵਿੱਚ ਵਾਪਰੀ ਇਸ ਵਾਰਦਾਤ ਨਾਲ ਜਿੱਥੇ ਮਾਲੀ ਨੁਕਸਾਨ ਤਾਂ ਭਾਵੇਂ ਨਹੀਂ ਹੋਇਆ ਪ੍ਰੰਤੂ ਇਸ ਘਟਨਾ ਨਾਲ ਹਰੇਕ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਸੀਸੀਟੀਵੀ ਮੁਤਾਬਿਕ ਚੋਰਾਂ ਦਾ ਇਹ ਗਰੋਹ ਲਗਭਗ ਛੇ ਤੋਂ ਸੱਤ ਬੰਦਿਆਂ ਦਾ ਸੀ, ਜੋ ਪੂਰੀ ਤਿਆਰੀ ਨਾਲ ਆਇਆ ਹੋਇਆ ਸੀ | ਭਾਵੇਂ ਕਿ ਇਸ ਘਟਨਾ ਸਬੰਧੀ ਢਿਲਵਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪ੍ਰੰਤੂ ਪਿੰਡ ਵਾਸੀਆਂ ਵਿੱਚ ਇਸ ਘਟਨਾ ਕਾਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ |