ਕਪੂਰਥਲਾ, (ਅਮਰਜੀਤ ਕੋਮਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਦੀ ਹੋਣਹਾਰ ਵਿਦਿਆਰਥਣ ਤਰੰਨਮ ਕੌਰ ਥਿੰਦ ਪੁੱਤਰੀ ਲੈਕਚਰਾਰ ਹਰਸਿਮਰਤ ਸਿੰਘ ਥਿੰਦ ਨੇ 99.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਪ੍ਰੀਖਿਆ ਵਿਚੋਂ ਉਸਨੇ 500 ਵਿਚੋਂ 498 ਅੰਕ ਪ੍ਰਾਪਤ ਕਰਕੇ ਬੋਰਡ ਦੀ ਮੈਰਿਟ ਸੂਚੀ ਵਿਚ ਵੀ ਆਪਣਾ ਨਾਂਅ ਦਰਜ ਕਰਵਾਇਆ | ਤਰੰਨਮ ਕੌਰ ਥਿੰਦ ਨੇ ਦੱਸਿਆ ਕਿ ਉਹ ਅਗਲੀ ਪੜ੍ਹਾਈ ਕਰਕੇ ਸਿਵਲ ਸੇਵਾਵਾਂ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨ ਦੀ ਚਾਹਵਾਨ ਹੈ ਤੇ ਉਹ ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਦਿਨ ਰਾਤ ਇਕ ਕਰਕੇ ਮਿਹਨਤ ਕਰੇਗੀ | ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਲੈਕਚਰਾਰ ਹਰਸਿਮਰਤ ਸਿੰਘ ਤੇ ਮਾਤਾ ਸਾਇੰਸ ਮਿਸਟਰੈੱਸ ਅਰਵਿੰਦਰ ਕੌਰ ਦੀ ਯੋਗ ਅਗਵਾਈ ਤੇ ਸਕੂਲ ਦੇ ਅਧਿਆਪਕਾਂ ਵਲੋਂ ਕਰਵਾਈ ਗਈ ਸਖ਼ਤ ਮਿਹਨਤ ਸਦਕਾ ਅੱਜ ਇਸ ਮੁਕਾਮ 'ਤੇ ਪੁੱਜੀ ਹੈ | ਸਕੂਲ ਦੇ ਪਿ੍ੰਸੀਪਲ ਨਵਚੇਤਨ ਸਿੰਘ, ਸਕੂਲ ਦੇ ਸਟਾਫ਼ ਤੇ ਪਰਿਵਾਰ ਮੈਂਬਰਾਂ ਨੇ ਤਰੰਨਮ ਕੌਰ ਥਿੰਦ ਦਾ ਮੰੂਹ ਮਿੱਠਾ ਕਰਵਾਇਆ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਨੇ ਦੱਸਿਆ ਕਿ ਡੀ.ਐਮ. ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਤਰਨਮ ਕੌਰ ਨੇ ਕੌਮੀ ਪੱਧਰ ਤੱਕ ਨਿਸ਼ਾਨੇਬਾਜ਼ੀ ਦੀ ਖੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਦੌਰਾਨ ਹੀ ਏ.ਐਨ.ਓ. ਸਰਵਣ ਕੁਮਾਰ ਯਾਦਵ, ਵਨੀਸ਼ ਸ਼ਰਮਾ, ਬੁੱਧ ਦੇਵ, ਲੈਕਚਰਾਰ ਅੰਗਰੇਜ਼ੀ ਜਤਿੰਦਰਜੀਤ ਸਿੰਘ ਨੇ ਤਰੰਨਮ ਕੌਰ ਥਿੰਦ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ |