ਕਪੂਰਥਲਾ, 5 ਜੂਨ (ਅਮਰਜੀਤ ਕੋਮਲ)-ਵਾਤਾਵਰਣ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਤੋਂ ਬਿਨ੍ਹਾਂ ਸਾਡਾ ਭਵਿੱਖ ਸੁਰੱਖਿਅਤ ਨਹੀਂ ਰਹਿ ਸਕਦਾ, ਇਸ ਲਈ ਸਾਨੂੰ ਸਮਾਜ, ਦੇਸ਼ ਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸੰਵੇਦਨਸ਼ੀਲ ਹੋ ਕੇ ਕੰਮ ਕਰਨ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਨੇ ਅੱਜ ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਪੰਜਾਬ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਚ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਇਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਇਸ ਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪਵੇਗਾ | ਬਾਬਾ ਸੀਚੇਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਾਡੀ ਹਵਾ, ਪਾਣੀ ਤੇ ਕੁਦਰਤੀ ਸਰੋਤ ਪ੍ਰਦੂਸ਼ਿਤ ਹੋ ਗਏ, ਧਰਤੀ ਵਿਚ ਪਾਈਆਂ ਜ਼ਹਿਰਾਂ ਤੇ ਕੀਟਨਾਸ਼ਕ ਦਵਾਈਆਂ ਕਾਰਨ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਤੇ ਹਸਪਤਾਲ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਲੋਕਾਂ ਨਾਲ ਭਰੇ ਹੋਏ ਹਨ | ਬਾਬਾ ਸੀਚੇਵਾਲ ਨੇ ਕਿਹਾ ਕਿ ਹਵਾ, ਪਾਣੀ ਤੇ ਕੁਦਰਤੀ ਸਰੋਤਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਜਿੰਨੀ ਦੇਰ ਤੱਕ ਅਸੀਂ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਸਮਝਦੇ ਉਨੀ ਦੇਰ ਤੱਕ ਅਸੀਂ ਤੰਦਰੁਸਤ ਨਹੀਂ ਰਹਿ ਸਕਾਂਗੇ | ਉਨ੍ਹਾਂ ਕਿਹਾ ਕਿ ਉਦਯੋਗਾਂ, ਪਿੰਡਾਂ ਤੇ ਸ਼ਹਿਰਾਂ ਨੇ ਵਾਤਾਵਰਣ ਨੂੰ ਬਚਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿੱਥੋਂ ਤੱਕ ਉਦਯੋਗਾਂ ਦਾ ਸਵਾਲ ਹੈ, ਅਸੀਂ ਉਨ੍ਹਾਂ ਦੇ ਖਿਲਾਫ਼ ਨਹੀਂ, ਕਿਉਂਕਿ ਉਹ ਦੇਸ਼ ਤੇ ਰਾਜ ਦੇ ਵਿਕਾਸ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਨਅਤਕਾਰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਿਰਧਾਰਿਤ ਕੀਤੇ ਗਏ ਪੈਰਾਮੀਟਰਾਂ ਦੀ ਵਰਤੋਂ ਕਰਨ ਤਾਂ ਇਸ ਨਾਲ ਵਾਤਾਵਰਣ, ਹਵਾ ਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ | ਬਾਬਾ ਸੀਚੇਵਾਲ ਨੇ ਕਿਹਾ ਕਿ ਕਾਲਾ ਸੰਘਿਆਂ ਡਰੇਨ ਤੇ ਲੁਧਿਆਣਾ ਵਿਚਲਾ ਬੁੱਢੇ ਨਾਲੇ ਵਿਚ ਪਿਛਲੇ ਸਮੇਂ ਦੌਰਾਨ ਸ਼ਹਿਰਾਂ ਤੇ ਉਦਯੋਗਾਂ ਦੇ ਦੂਸ਼ਿਤ ਪਾਣੀ ਨੇ ਕੁਦਰਤੀ ਸਰੋਤਾਂ ਨੂੰ ਪਲੀਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਉਨ੍ਹਾਂ ਕਿਹਾ ਕਿ ਜਲੰਧਰ ਵਿਚ ਉਦਯੋਗਾਂ ਦੇ ਪਾਣੀ ਨੂੰ ਸਾਫ਼ ਕਰਕੇ ਕਾਲਾ ਸੰਘਿਆਂ ਡਰੇਨ ਵਿਚ ਪਾਉਣ ਲਈ ਦੋ ਟਰੀਟਮੈਂਟ ਪਲਾਂਟ ਲਗਾਏ ਗਏ | ਉਸ ਨਾਲ ਇਸ ਡਰੇਨ ਦਾ ਪਾਣੀ ਪਹਿਲੋਂ ਨਾਲ ਸਾਫ਼ ਹੋਇਆ ਹੈ | ਇਸੇ ਤਰ੍ਹਾਂ ਦਸੰਬਰ 2025 ਵਿਚ ਉਨ੍ਹਾਂ ਬੁੱਢੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਸੀ ਤੇ ਇਸ ਵਿਚ ਸਨਅਤਕਾਰਾਂ, ਸਰਕਾਰ ਤੇ ਹੋਰ ਸੰਸਥਾਵਾਂ ਨੇ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ ਤੇ ਸਿੱਟੇ ਵਜੋਂ ਅੱਜ ਲੁਧਿਆਣਾ ਦੇਸ਼ ਦੇ ਪਹਿਲੇ 10 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਨਹੀਂ ਰਿਹਾ | ਨੈਸ਼ਨਲ ਗਰੀਨ ਟਿ੍ਬਿਊਨਲ ਦੇ ਮੈਂਬਰ ਵਜੋਂ ਕਾਰਜਸ਼ੀਲ ਰਹੇ ਬਾਬਾ ਸੀਚੇਵਾਲ ਨੇ ਦੱਸਿਆ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨੇ 2019 ਤੋਂ 2021 ਦੌਰਾਨ ਨਗਰ ਨਿਗਮਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਸ਼ਹਿਰਾਂ ਦਾ ਪਾਣੀ ਸਾਫ਼ ਕਰਨ ਲਈ ਟਰੀਟਮੈਂਟ ਪਲਾਂਟ ਲਗਾਉਣ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਇਨਵਾਇਰਨਮੈਂਟ ਕੰਪਨਸੇਸ਼ਨ ਦੇਣੀ ਪਵੇਗੀ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਟਰੀਟਮੈਂਟ ਪਲਾਂਟ ਲੱਗ ਚੁੱਕੇ ਹਨ, ਪ੍ਰੰਤੂ ਉਨ੍ਹਾਂ ਨੂੰ ਸੁਚਾਰੂ ਤਰੀਕੇ ਨਾਲ ਨਾ ਚਲਾਏ ਜਾਣ ਕਾਰਨ ਕਈ ਨਗਰ ਨਿਗਮਾਂ ਅਜੇ ਵੀ ਇਨਵਾਇਰਨਮੈਂਟ ਕੰਪਨਸੇਸ਼ਨ ਅਦਾ ਕਰ ਰਹੀਆਂ ਹਨ | ਇਸ ਤੋਂ ਪਹਿਲਾਂ ਕਮਲ ਕਿਸ਼ੋਰ ਯਾਦਵ ਸਕੱਤਰ ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਪੰਜਾਬ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਵਾਤਾਵਰਣ ਸਬੰਧੀ ਚੁਨੌਤੀਆਂ ਨਾਲ ਨਜਿੱਠਣ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਤੇ ਨੀਤੀਗਤ ਪਹਿਲਕਦਮੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਵਧੀਆ ਵਾਤਾਵਰਣ ਮੁਹੱਈਆ ਕਰਵਾਉਣਾ ਸਾਡੀ ਮੁੱਖ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਯਤਨ ਕਰੀਏ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਵਿਭਾਗ ਦੀ ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ ਜਨਰਲ ਸਾਇੰਸ ਸਿਟੀ ਸ਼ੈਿਲੰਦਰ ਕੌਰ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਤੇ ਸਮਾਗਮ ਵਿਚ ਸ਼ਾਮਲ ਹੋਈਆਂ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ | ਸਮਾਗਮ ਦੌਰਾਨ ਵਾਤਾਵਰਣ ਤੇ ਕੁਦਰਤੀ ਸਰੋਤਾਂ ਦੇ ਸੰਭਾਲ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲੀ ਗ੍ਰਾਮ ਪੰਚਾਇਤ ਸੀਚੇਵਾਲ (ਜਲੰਧਰ) ਨੂੰ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਣ ਪੁਰਸਕਾਰ 2026, ਸਕੂਲ ਆਫ਼ ਐਮੀਨੈਂਸ ਛਾਜਲੀ (ਸੰਗਰੂਰ), ਸੰਸਥਾ ਸ਼ੇ੍ਰਣੀ ਵਿਚ ਸਲਿਊਟ ਦਾ ਟ੍ਰੀਜ਼ ਰਾਜਪੁਰਾ (ਜ਼ਿਲ੍ਹਾ ਪਟਿਆਲਾ) ਨੂੰ 1-1 ਲੱਖ ਰੁਪਏ, ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ | ਇਸ ਤੋਂ ਇਲਾਵਾ 8 ਨਵੀਨਤਕਾਰਾਂ ਤੇ ਗਰੀਨ ਸਕੂਲ ਪ੍ਰੋਗਰਾਮ ਤਹਿਤ ਗਰੀਨ ਆਡਿਟ ਕਰਵਾਉਣ ਵਿਚ ਦੇਸ਼ ਵਿਚੋਂ ਸਰਬੋਤਮ ਰਹੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਕਮਲ ਕਿਸ਼ੋਰ ਯਾਦਵ ਨੇ ਸਾਇੰਸ ਸਿਟੀ ਵਿਚ ਬੂਟੇ ਲਗਾ