ਨਡਾਲਾ, 5 ਜੂਨ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਨੌਜਵਾਨਾਂ ਵੱਲੋਂ ਤਿੰਨ ਦਿਨਾਂ ਪਲੇਠਾ ਕਿ੍ਕਟ ਟੂਰਨਾਮੈਂਟ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਕਰਵਾਇਆ ਗਿਆ | ਟੂਰਨਾਮੈਂਟ ਵਿਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ | ਟੂਰਨਾਮੈਂਟ ਦਾ ਉਦਘਾਟਨ ਤੇ ਇਨਾਮ ਦੀ ਵੰਡ ਪ੍ਰਸਿੱਧ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਤੇ ਉੱਘੇ ਸਮਾਜ ਸੇਵੀ ਸੰਦੀਪ ਕੁਮਾਰ ਟੋਨੀ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਅਜਿਹੇ ਖੇਡ ਮੁਕਾਬਲੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ | ਟੂਰਨਾਮੈਂਟ ਦੇ ਸਰਪ੍ਰਸਤ ਕਾਲੂ ਯੂਐਸਏ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਵਿਚ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਹ ਹਮੇਸ਼ਾ ਸਹਿਯੋਗ ਦਿੰਦੇ ਰਹਿਣਗੇ | ਉਨ੍ਹਾਂ ਐਲਾਨ ਕੀਤਾ ਕਿ ਅਗਲੇ ਸਾਲ ਇਹ ਟੂਰਨਾਮੈਂਟ ਹੋਰ ਵੀ ਵੱਡੇ ਪੱਧਰ 'ਤੇ ਅਤੇ ਵਧੇਰੇ ਇਨਾਮੀ ਰਾਸ਼ੀ ਨਾਲ ਕਰਵਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਹੋਰ ਪ੍ਰੇਰਿਤ ਕੀਤਾ ਜਾ ਸਕੇ | ਸਮਾਪਤੀ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਖਿਡਾਰੀਆਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ | ਸਮੂਹ ਪ੍ਰਬੰਧਕਾਂ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ |ਇਸ ਮੌਕੇ ਦਲਜੀਤ ਸਿੰਘ ਨਡਾਲਾ, ਕਾਲੂ ਯੂਐਸਏ, ਕੌਂਸਲਰ ਸੰਦੀਪ ਟੋਨੀ, ਕੌਂਸਲਰ ਸੰਦੀਪ ਸੈਣੀ, ਬਾਬਾ ਗੁਲਜਾਰ ਸਿੰਘ, ਰਵਿੰਦਰ ਦੇਵਗਨ, ਰਾਜੂ ਡੋਗਰਾ, ਹੈਪੀ ਖੱਖ, ਹੈਰੀ ਅਰੋੜਾ, ਕੁਲਦੀਪ ਸਿੰਘ, ਮਨਜੀਤ ਸਿੰਘ ਹੋਠੀ, ਸਾਹਿਲ ਭਾਟੀਆ, ਨਿਤਿਨ ਅਤੇ ਹੋਰ ਹਾਜ਼ਰ ਸਨ |