ਕਪੂਰਥਲਾ, 8 ਜੂਨ (ਸਡਾਨਾ)-ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਸਰਕਲ ਕਪੂਰਥਲਾ ਐਸ.ਪੀ. ਸੋਂਧੀ ਵਲੋਂ ਸਰਕਲ ਕਪੂਰਥਲਾ ਦੇ ਸਮੂਹ ਝੋਨਾ ਕਾਸ਼ਤਕਾਰ ਖਪਤਕਾਰਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਹੈ | ਇੰਜ. ਸੋਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਬਿਜਲੀ ਘਰਾਂ ਵਿਚ ਸਿੰਗਲ ਗਰੁੱਪ ਵਿਚ ਸਪਲਾਈ ਦਿੱਤੀ ਜਾਵੇਗੀ ਉਨ੍ਹਾਂ ਦੀ ਸਪਲਾਈ ਦਾ ਸਮਾਂ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਦਾ ਹੋਵੇਗਾ ਤੇ ਜਿਹੜੇ ਬਿਜਲੀ ਘਰਾਂ ਵਿਚ ਸਪਲਾਈ ਦੋ ਗਰੁੱਪਾਂ ਵਿਚ ਦਿੱਤੀ ਜਾਵੇਗੀ ਉਨ੍ਹਾਂ ਦੀ ਸਪਲਾਈ ਦਾ ਸਮਾਂ ਸਵੇਰੇ 4 ਤੋਂ 12 ਅਤੇ ਦੁਪਹਿਰ 12 ਤੋਂ 8 ਵਜੇ ਤੱਕ ਹੋਵੇਗਾ | ਇੰਜ. ਸੋਂਧੀ ਅਨੁਸਾਰ ਜਿਹੜੇ ਬਿਜਲੀ ਘਰਾਂ ਵਿਚ ਸਪਲਾਈ ਤਿੰਨ ਗਰੁੱਪਾਂ ਵਿਚ ਦਿੱਤੀ ਜਾਵੇਗੀ ਉਨ੍ਹਾਂ ਦਾ ਸਮਾਂ ਰਾਤ 10 ਤੋਂ ਸਵੇਰੇ 6 ਵਜੇ ਤੱਕ ਤੇ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਅਤੇ ਦੁਪਹਿਰ 2 ਤੋਂ ਰਾਤ 10 ਵਜੇ ਤੱਕ ਹੋਵੇਗਾ | ਉਨ੍ਹਾਂ ਕਿਹਾ ਕਿ ਦੋ ਦਿਨਾਂ ਬਾਅਦ ਸਪਲਾਈ ਦਾ ਗਰੁੱਪ ਬਦਲੀ ਕੀਤਾ ਜਾਵੇਗਾ | ਇੰਜ. ਸੋਂਧੀ ਨੇ ਦੱਸਿਆ ਕਿ ਸਰਕਲ ਪੱਧਰ 'ਤੇ ਕੰਟਰੋਲ ਰੂਮ ਦਾ ਨੰਬਰ 96461-19995, ਸ਼ਹਿਰੀ ਡਵੀਜ਼ਨ ਕਪੂਰਥਲਾ ਦਾ ਨੰਬਰ 96461-15824, ਸਬ ਅਰਬਨ ਮੰਡਲ ਕਪੂਰਥਲਾ 96461-16111, ਕਰਤਾਰਪੁਰ ਮੰਡਲ ਦਾ 96461-19922, ਨਕੋਦਰ ਸ਼ਹਿਰੀ ਮੰਡਲ ਦਾ 96461-96279, ਸਬ ਅਰਬਨ ਮੰਡਲ ਦਾ 96461-44484 ਹੈ | ਉਨ੍ਹਾਂ ਕਿਹਾ ਕਿ ਸਮੂਹ ਏ.ਪੀ. ਖਪਤਕਾਰ ਕਿਸੇ ਸਮੇਂ ਵੀ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਕੇ ਬਿਜਲੀ ਸਪਲਾਈ ਸਬੰਧੀ ਜਾਣਕਾਰੀ ਲੈ ਸਕਦੇ ਹਨ |