ਕਪੂਰਥਲਾ, 22 ਜੂਨ (ਵਿਸ਼ੇਸ਼ ਪ੍ਰਤੀਨਿਧ)-ਫਾਸੀ ਹਮਲਿਆਂ ਵਿਰੋਧੀ ਫ਼ਰੰਟ ਨੇ ਕੇਂਦਰ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਦੇ ਖ਼ਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਧਰਨਾ ਦੇ ਕੇ ਰੋਸ ਵਿਖਾਵਾ ਕੀਤਾ | ਇਸ ਮੌਕੇ ਬੋਲਦਿਆਂ ਫ਼ਰੰਟ ਨਾਲ ਸਬੰਧਿਤ ਆਗੂ ਬਲਵਿੰਦਰ ਸਿੰਘ ਭੁੱਲਰ, ਕਾਮਰੇਡ ਮੁਕੰਦ ਸਿੰਘ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਕਾਮਰੇਡ ਤਰਲੋਕ ਸਿੰਘ ਭਬਿਆਣਾ, ਹਰਬੰਸ ਸਿੰਘ ਮੱਟੂ, ਤਰਸੇਮ ਸਿੰਘ ਬੰਨੇਮਲ, ਮਾਸਟਰ ਗੁਰਦੀਪ ਸਿੰਘ, ਮਾਸਟਰ ਚਰਨ ਸਿੰਘ, ਅਮਰਜੀਤ ਸਿੰਘ ਜਵਾਲਾਪੁਰ, ਪੀਰ ਮੁਹੰਮਦ, ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ, ਹਰਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਬਲਕਾਰ ਸਿੰਘ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਆਰ.ਐਸ.ਐਸ. ਤੇ ਭਾਜਪਾ ਦੀਆਂ ਫਿਰਕੂ ਬੁਲਾਰਿਆਂ ਨੇ ਆਰ.ਐਸ.ਐਸ. ਤੇ ਭਾਜਪਾ ਦੀਆਂ ਫਿਰਕੂ ਤੇ ਫਾਸੀਵਾਦੀ ਨੀਤੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਮਨਸੂਬਿਆਂ ਨੂੰ ਨਕਾਮ ਬਣਾਉਣ ਤੇ ਜਮਹੂਰੀ ਮੁੱਦਿਆਂ ਨੂੰ ਲੈ ਕੇ ਫ਼ਰੰਟ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਰਾਜਾਂ ਨੂੰ ਸਵੈ ਨਿਰਭਰ ਬਣਾਉਣ ਲਈ ਟੈਕਸ ਉਗਰਾਹੁਣ ਦਾ ਅਧਿਕਾਰ ਰਾਜਾਂ ਨੂੰ ਦਿੱਤਾ ਜਾਵੇ ਤੇ ਪੰਜਾਬ ਵਿਚ ਬੀ.ਐਸ.ਐਫ. ਦਾ ਘੇਰਾ 50 ਕਿੱਲੋਮੀਟਰ ਤੋਂ ਘਟਾ ਕੇ 15 ਕਿੱਲੋਮੀਟਰ ਕੀਤਾ ਜਾਵੇ | ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤੇ ਜਾਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਰੋਸ ਵਿਖਾਵੇ ਉਪਰੰਤ ਫ਼ਰੰਟ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਕਿ ਪੰਜਾਬ ਦੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ, ਹੈੱਡ ਵਰਕਸ ਤੇ ਡੈਮ ਪੰਜਾਬ ਹਵਾਲੇ ਕੀਤੇ ਜਾਣ, ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਿਕ ਹੱਲ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਭੰਗ ਕਰਕੇ ਪੰਜਾਬ ਦਾ ਵੱਖਰਾ ਬੋਰਡ ਬਣਾਇਆ ਜਾਵੇ, ਪੰਜਾਬ ਨੂੰ ਆਪਣੀ ਸਿੱਖਿਆ ਨੀਤੀ ਬਣਾਉਣ ਤੇ ਯੂਨੀਵਰਸਿਟੀਆਂ ਦੇ ਵੀ.ਸੀ. ਲਗਾਉਣ ਦਾ ਅਧਿਕਾਰੀ ਦਿੱਤਾ ਜਾਵੇ | ਮੰਗ ਪੱਤਰ ਵਿਚ ਸਭ ਸਿਆਸੀ ਕੈਦੀਆਂ ਤੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ, ਐਸ.ਆਈ.ਆਰ. ਦੀ ਧਾਰਮਿਕ ਤੇ ਸਿਆਸੀ ਮਨੋਰਥਾਂ ਦੀ ਵਰਤੋਂ ਬੰਦ ਕੀਤੀ ਜਾਵੇ, ਕੌਮੀ ਸੁਰੱਖਿਆ ਏਜੰਸੀ ਨੂੰ ਭੰਗ ਕਰਕੇ ਸੀ.ਬੀ.ਆਈ. ਦੀ ਸੂਬੇ ਵਿਚ ਦਾਖਲ ਹੋਣ ਲਈ ਪੰਜਾਬ ਸਰਕਾਰ ਦੀ ਮਨਜ਼ੂਰੀ ਤੈਅ ਕੀਤੀ ਜਾਵੇ, ਲੇਬਰ ਕੋਡ, ਬਿਜਲੀ ਬਿੱਲ ਤੇ ਬੀਜ ਬਿੱਲ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਕਸ਼ਮੀਰਾ ਸਿੰਘ ਭੰਡਾਲ ਦੋਨਾ, ਬਾਬਾ ਸੁਰਿੰਦਰ ਸਿੰਘ ਗਦਰੀ, ਰਣਜੀਤ ਸਿੰਘ ਰਾਣਾ, ਓਮ ਪ੍ਰਕਾਸ਼, ਮਾਸਟਰ ਬਲਬੀਰ ਸਿੰਘ ਫਜਲਾਬਾਦ ਤੋਂ ਇਲਾਵਾ ਫ਼ਰੰਟ ਨਾਲ ਸਬੰਧਿਤ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ |