ਡਡਵਿੰਡੀ, 22 ਜੂਨ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਚੱਕ ਕੋਟਲਾ ਵਿਚ ਵਿਦੇਸ਼ੀ ਮਿਹਨਤ ਦੀ ਕਮਾਈ ‘ਤੇ ਡਾਕਾ ਮਾਰਨ ਵਾਲੇ ਚੋਰਾਂ ਨੂੰ ਅਜੇ ਤੱਕ ਪੁਲਿਸ ਕਾਬੂ ਨਹੀਂ ਕਰ ਸਕੀ | ਵਾਰਦਾਤ ਹੋਈ ਨੂੰ 6 ਦਿਨ ਬੀਤ ਜਾਣ ਦੇ ਬਾਵਜੂਦ ਜਾਂਚ ਕਿਸੇ ਠੋਸ ਨਤੀਜੇ ਤੱਕ ਨਹੀਂ ਪਹੁੰਚੀ, ਜਿਸ ਕਾਰਨ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਨਿਰਾਸ਼ਾ ਅਤੇ ਰੋਸ ਵਧਦਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਬੀਤੀ 16 ਤੇ 17 ਜੂਨ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਪਿੰਡ ਕੋਟਲਾ ਦੇ ਇੱਕ ਘਰ ਦੀ ਪਿਛਲੀ ਕੰਧ ਵਿਚ ਸੰਨ੍ਹ ਲਾ ਕੇ ਅੰਦਰ ਦਾਖਲ ਹੋ ਕੇ ਕਰੀਬ 25 ਤੋਲੇ ਸੋਨਾ, 10 ਤੋਂ 12 ਤੋਲੇ ਚਾਂਦੀ, ਢਾਈ ਲੱਖ ਰੁਪਏ ਨਕਦ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ | ਚੋਰ ਇੰਨੇ ਬੇਖ਼ੌਫ਼ ਸਨ ਕਿ ਘਰ ਦੇ ਮੈਂਬਰਾਂ ਦੇ ਵਿਹੜੇ ਵਿਚ ਸੁੱਤੇ ਹੋਣ ਦੇ ਬਾਵਜੂਦ ਆਰਾਮ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ | ਪੀੜਤ ਪਰਿਵਾਰ ਦੀਆਂ ਮੈਂਬਰਾਂ ਬਲਜੀਤ ਕੌਰ ਅਤੇ ਸੰਦੀਪ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੇ ਵਿਦੇਸ਼ ਵਿਚ ਕਰੀਬ 20 ਸਾਲਾਂ ਤੱਕ ਸਖ਼ਤ ਮਿਹਨਤ ਕਰਕੇ ਇਹ ਪੂੰਜੀ ਜੋੜੀ ਸੀ | ਉਨ੍ਹਾਂ ਕਿਹਾ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਚੋਰਾਂ ਦਾ ਕੋਈ ਸੁਰਾਗ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ | ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ, ਧੀਆਂ ਦੇ ਵਿਆਹਾਂ ਲਈ ਸੰਭਾਲ ਕੇ ਰੱਖਿਆ ਸੋਨਾ ਅਤੇ ਨਕਦੀ ਇੱਕ ਰਾਤ ਵਿਚ ਲੁੱਟ ਲਈ ਗਈ, ਪਰ ਅਜੇ ਤੱਕ ਉਨ੍ਹਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲਗਾਤਾਰ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਇਸ ਸਬੰਧੀ ਮੋਠਾਂਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਏ ਐਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ | ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਸਮੇਤ ਹੋਰ ਤਕਨੀਕੀ ਸਬੂਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |