ਕਪੂਰਥਲਾ, 10 ਜੁਲਾਈ (ਸਡਾਨਾ)-ਸ਼ਹਿਰ ਦੇ ਪੋਸ਼ ਇਲਾਕੇ ਮਾਲ ਰੋਡ ‘ਤੇ ਸਥਿਤ ਕਲੋਨੀ ਸੰਨੀ ਸਾਈਡ ਵਿਖੇ ਇਕ ਘਰ ਅੰਦਰ ਪਤੀ ਪਤਨੀ ਨੂੰ ਬੰਦਕ ਬਣਾ ਕੇ ਘਰ ਵਿਚ ਰੰਗ ਦਾ ਕੰਮ ਕਰਦਾ ਵਿਅਕਤੀ ਗਹਿਣੇ ਅਤੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਿਆ | ਆਪਣੀ ਸ਼ਿਕਾਇਤ ਵਿਚ ਪਵਨ ਕੁਮਾਰ ਵਾਸੀ ਸੰਨੀ ਸਾਈਡ ਮਾਲ ਰੋਡ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਿਛਲੇ ਕਰੀਬ 20 ਦਿਨ ਤੋਂ ਪੇਂਟਰ ਰਣਜੀਤ ਸਿੰਘ ਵਾਸੀ ਰਜ਼ਾਪੁਰ ਰੰਗ ਰੋਗਨ ਦਾ ਕੰਮ ਕਰ ਰਿਹਾ ਸੀ ਤੇ ਬੀਤੀ 8 ਜੁਲਾਈ ਨੂੰ ਉਹ ਅਤੇ ਉਸ ਦੀ ਪਤਨੀ ਕਮਰੇ ਵਿਚ ਬੈਠੇ ਸਨ ਤਾਂ ਦੁਪਹਿਰ ਕਰੀਬ 3 ਵਜੇ ਰਣਜੀਤ ਸਿੰਘ ਨੇ ਇਕ ਰਾਡ ਦੇ ਨਾਲ ਕਮਰੇ ਵਿਚ ਦਾਖਲ ਹੋ ਕੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਮੇਰੀ ਪਤਨੀ ਨੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਕਥਿਤ ਦੋਸ਼ੀ ਨੇ ਸਾਨੂੰ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ, ਜਦੋਂ ਮੈਂ ਉਸ ਨੂੰ ਧੱਕਾ ਮਾਰਿਆ ਤਾਂ ਉਸ ਨੇ ਕਮਰੇ ਤੋਂ ਬਾਹਰ ਜਾ ਕੇ ਸਾਨੂੰ ਕਮਰੇ ਵਿਚ ਬੰਦ ਕਰ ਦਿੱਤਾ ਤੇ ਨਾਲ ਵਾਲੇ ਕਮਰੇ ਵਿਚੋਂ ਸੋਨੇ ਤੇ ਹੀਰੇ ਦੀ ਗਹਿਣੇ, ਜੋ ਕਿ ਕਰੀਬ 35 ਤੋਲੇ ਤੋਂ ਵੱਧ ਸਨ, ਲਗਭਗ ਢਾਈ ਲੱਖ ਰੁਪਏ ਨਗਦੀ, ਕੀਮਤੀ ਘੜੀਆਂ ਤੇ ਜ਼ਰੂਰੀ ਕਾਗ਼ਜ਼ਾਤ ਚੋਰੀ ਕਰਕੇ ਫ਼ਰਾਰ ਹੋ ਗਿਆ | ਸਾਡੇ ਲੜਕੇ ਰੋਹਿਤ ਨੇ ਸ਼ਾਮ ਨੂੰ ਜਦੋਂ ਘਰ ਆ ਕੇ ਸਮਾਨ ਖਿੱਲਰਿਆ ਦੇਖਿਆ ਤਾਂ ਸਾਨੂੰ ਕਮਰੇ ਵਿਚੋਂ ਬਾਹਰ ਕੱਢਿਆ | ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਰਣਜੀਤ ਸਿੰਘ ਮੋਟਰਸਾਈਕਲ ‘ਤੇ ਚੋਰੀ ਕਰਕੇ ਜਾਂਦਾ ਗੁਆਂਢੀਆਂ ਦੇ ਕੈਮਰੇ ਵਿਚ ਵੀ ਕੈਦ ਹੋਇਆ ਹੈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਭਾਲ ਹੇਠ ਛਾਪੇਮਾਰੀ ਆਰੰਭ ਕਰ ਦਿੱਤੀ ਹੈ |