ਕਪੂਰਥਲਾ, 10 ਜੁਲਾਈ (ਅਮਰਜੀਤ ਕੋਮਲ)- ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਤੇ ਸਾਹਿਤਕ ਸੰਸਥਾ ਅਦਬੀ ਸ਼ਾਮ ਵਲੋਂ ‘ਆਵਾਜ਼ ਏ ਕਲਮ’ ਦੇ ਅਨੁਵਾਨ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਿਚ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪ੍ਰਵਾਸੀ ਸਾਹਿਤਕਾਰ ਤੇ ਉੱਘੇ ਚਿੰਤਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸਮਾਗਮ ਦੀ ਪ੍ਰਧਾਨਗੀ ਅਦਬੀ ਸ਼ਾਮ ਦੇ ਸਰਪ੍ਰਸਤ ਇੰਜ. ਖਜਾਨ ਸਿੰਘ ਨੇ ਕੀਤੀ| ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁੰਨ ਨਾਲ ਹੋਈ, ਉਪਰੰਤ ਅਦਬੀ ਸ਼ਾਮ ਦੀ ਪ੍ਰਧਾਨ ਪਿ੍ੰਸੀਪਲ ਪੋ੍ਰਮਿਲਾ ਅਰੋੜਾ ਨੇ ਮੁੱਖ ਮਹਿਮਾਨ ਤੇ ਹੋਰ ਸ਼ਖਸੀਅਤਾਂ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਅਦਬੀ ਸ਼ਾਮ ਦੀ ਭਵਿੱਖ ਦੀ ਸੋਚ ਤੇ ਦੂਰ ਅੰਦੇਸ਼ੀ ਯੋਜਨਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਨੂੰ ਅਦਬੀ ਸ਼ਾਮ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ | ਇਸੇ ਦੌਰਾਨ ਹੀ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਤੋਂ ਟਰੇਨਿੰਗ ਪ੍ਰਾਪਤ ਕਰਕੇ ਆਈ ਜ਼ਿਲ੍ਹਾ ਕਪੂਰਥਲਾ ਦੀ ਅਧਿਆਪਕਾ ਸ੍ਰੀਮਤੀ ਮੁਨੱਜਾ ਇਰਸ਼ਾਦ ਵਲੋਂ ਸਾਹਿਤਕ ਅਨੁਵਾਦ, ਕੈਲੀਗ੍ਰਾਫ਼ੀ ਤੇ ਮੰਚ ਸੰਚਾਲਨ ਵਿਚ ਪਾਏ ਗਏ ਯੋਗਦਾਨ ਲਈ ਉਨ੍ਹਾਂ ਨੂੰ ਅਦਬੀ ਸ਼ਾਮ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਸਨਮਾਨ ਪੱਤਰ ਦੇ ਕੇ ਨਿਵਾਜਿਆ | ਇਸ ਮੌਕੇ ਵੱਖ-ਵੱਖ ਸ਼ਾਇਰਾਂ ਨੇ ਆਪਣੀਆਂ ਤਰਨੁੰਮ ਵਿਚ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰੀ ਬਣਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਤੇ ਅਦਬੀ ਸ਼ਾਮ ਵਲੋਂ ਸਾਹਿਤਕ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ ਦੀ ਸਮਾਪਤੀ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਾਲ ਸਾਹਿਤਕ ਸ਼ਖਸੀਅਤਾਂ ਦੇ ਨਾਲ ਨਵੀਆਂ ਪੁੰਗਰਦੀਆਂ ਕਲਮਾਂ ਨੂੰ ਵੀ ਸੇਧ ਮਿਲਦੀ ਹੈ ਤੇ ਉਨ੍ਹਾਂ ਦੀਆਂ ਸਾਹਿਤਕ ਲਿਖ਼ਤਾਂ ਵਿਚ ਵੀ ਨਿਖਾਰ ਆਉਂਦਾ ਹੈ | ਉਨ੍ਹਾਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਅਦਬੀ ਸ਼ਾਮ ਦੀ ਮੈਂਬਰ ਨਰਿੰਦਰ ਨੀਤ ਨੇ ਸ਼ਾਇਰਾਨਾ ਅੰਦਾਜ਼ ਨਾਲ ਨਿਭਾਈ | ਸਮਾਗਮ ਵਿਚ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਹਰਭਜਨ ਸਿੰਘ, ਮੋਹਨ ਸਿੰਘ ਮੋਤੀ, ਡਾ. ਰਾਮ ਮੂਰਤੀ , ਸ਼ਹਿਬਾਜ ਖਾਨ, ਡਾ. ਹਰਭਜਨ ਸਿੰਘ, ਪਰਮਬੀਰ ਸਿੰਘ, ਸੁਖਦੇਵ ਪਾਰਸ ਹੁਸ਼ਿਆਰਪੁਰ, ਅਮਨ ਗਾਂਧੀ, ਸਵਰਾਜ ਕੌਰ, ਅਵਤਾਰ ਅਸੀਮ, ਮਨੀਸ਼ ਕੁਮਾਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ ਵਲੋਂ ਕਲਰਕ ਮਨੀਸ਼ ਕੁਮਾਰ ਦੀ ਦੇਖ ਰੇਖ ਹੇਠ ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਿਤ ਵਡਮੁੱਲੀਆਂ ਤੇ ਦੁਰਲੱਭ ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ |