ਹੁਸੈਨਪੁਰ, 10 ਜੁਲਾਈ (ਤਰਲੋਚਨ ਸਿੰਘ ਸੋਢੀ)- ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਬਰਿੰਦਪੁਰ ਤੋਂ ਖੈੜਾ ਦੋਨਾਂ ਤੱਕ ਖ਼ਸਤਾ ਹਾਲਤ ਹੋਣ ਕਰਕੇ ਭਾਵੇਂ ਨਵੇਂ ਸਿਰਿਓਾ ਬਣਾਉਣ ਦੇ ਮਨੋਰਥ ਨਾਲ ਪੱਟਿਆ ਗਿਆ ਹੈ ਪਰ ਇੱਕੋ ਵਾਰ ਸਾਰਾ ਰੋਡ ਪੱਟਣ ਕਰਕੇ ਰੋਜ਼ਾਨਾ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਸਾਈਡਾਂ ਅਤੇ ਵਿਚਕਾਰ ਪੱਟੀ ਉੱਚੀ ਛੱਡਣ ਕਰਕੇ ਆਏ ਦਿਨ ਦੋ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਰਕੇ ਲੋਕਾਂ ਵਿਚ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਸੀਨੀਅਰ ਆਗੂ ਪਿਆਰਾ ਸਿੰਘ ਪਾਜੀਆਂ ਅਤੇ ਨੰਬਰਦਾਰ ਤਰੁਣ ਕਾਲੀਆ ਟੋਨੀ ਦੌਲਤਪੁਰ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਚਾਹੀਦਾ ਸੀ ਕਿ ਇਸ ਜੀ. ਟੀ. ਰੋਡ ਨੂੰ ਬਣਾਉਣ ਲਈ ਪਹਿਲਾਂ ਇਕ ਸਾਈਡ ਪੱਟ ਕੇ ਉਸ ਨੂੰ ਬਣਾਉਣ ਉਪਰੰਤ ਬਾਅਦ ਦੂਸਰੀ ਸਾਈਡ ਪੱਟ ਕੇ ਉਸ ਨੂੰ ਤਿਆਰ ਕੀਤਾ ਜਾਂਦਾ | ਪਰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਪੂਰਾ ਰੋਡ ਬਰਿੰਦਪੁਰ ਤੋਂ ਖੈੜਾ ਦੋਨਾਂ ਤੱਕ ਇੱਕੋ ਵਾਰ ਪੱਟ ਕੇ ਜਿੱਥੇ ਆਵਾਜਾਈ ਵਿਚ ਵਿਘਨ ਪਾਇਆ ਹੈ ਉੱਥੇ ਜਾਣ ਬੁੱਝ ਕੇ ਮਨੁੱਖੀ ਜਾਨਾਂ ਨਾਲ ਖਿਲਵਾੜ ਕਰਦਿਆਂ ਹੋਇਆਂ ਹਾਦਸਿਆਂ ਨੂੰ ਵੀ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਹੈ ਕਿ ਰੋਜ਼ਾਨਾ ਦੋ ਪਹੀਆ ਮੋਟਰਸਾਈਕਲਾਂ ਦੇ ਨਾਲ-ਨਾਲ ਐਕਟਿਵਾ ਸਵਾਰ ਬੀਬੀਆਂ ਸੜਕ ਤੇ ਇਸ ਰੋਡ ਤੋਂ ਲੰਘਣ ਉਪਰੰਤ ਸਾਈਡ ਲੈਣ ਜਾਂ ਦੇਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਰਹੀਆਂ ਹਨ ਜਿਸ ਕਾਰਨ ਇਲਾਕੇ ਭਰ ਵਿਚ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਰੋਡ ਤੇ ਵੱਡੀਆਂ ਗੱਡੀਆਂ ਦੀ ਹਵਾ ਨਾਲ ਉੱਡਦੀ ਧੂੜ ਅਤੇ ਸੜਕ ਦੀ ਕੇਰੀ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈ ਕੇ ਵੀ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਹੈ | ਇਸ ਸਬੰਧੀ ਜਦੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਏਰੀਆ ਜੇ. ਈ. ਸਰਵਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਕ ਦੋ ਦਿਨਾਂ ਵਿਚ ਇਹ ਪੱਟਿਆ ਹੋਇਆ ਰੋਡ ਬਣਨਾ ਸ਼ੁਰੂ ਹੋ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਕਤ ਜੀ. ਟੀ. ਰੋਡ ਤੇ ਕੀਤੇ ਨਾਜਾਇਜ਼ ਕਬਜ਼ੇ ਵੀ ਛਡਾਏ ਜਾਣਗੇ | ਜਦ ਉਨ੍ਹਾਂ ਦਾ ਧਿਆਨ ਪਾਜੀਆਂ ਤੋਂ ਡਡਵਿੰਡੀ ਤੱਕ ਨਵਾਂ ਬਣਿਆ ਰੋਡ ਬੈਠਣ ਅਤੇ ਅਧੂਰਾ ਛੱਡਣ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਫ਼ਤੇ ਦੇ ਅੰਦਰ-ਅੰਦਰ ਉਕਤ ਸਥਾਨ ਤੇ ਵੀ ਰੋਡ ਬਣਾਉਣ ਦਾ ਕੰਮ ਚਾਲੂ ਹੋ ਜਾਵੇਗਾ |