ਭੁਲੱਥ, 11 ਜੁਲਾਈ (ਮੇਹਰ ਚੰਦ ਸਿੱਧੂ)-ਥਾਣਾ ਭੁਲੱਥ ਪੁਲਿਸ ਨੇ ਦੋ ਨੌਜਵਾਨ ਸ਼ਰੇਆਮ ਹੈਰੋਇਨ ਦਾ ਸੇਵਨ ਕਰਦੇ ਕਾਬੂ ਕੀਤਾ ਹੈ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜਦੋਂ ਪੁਲਿਸ ਪਾਰਟੀ ਏਐਸਆਈ ਰਕੇਸ਼ ਕੁਮਾਰ ਸਮੇਤ ਕਰਮਚਾਰੀਆਂ ਦੇ ਭੁਲੱਥ ਚੌਂਕ ਵਿਚ ਨਾਕਾਬੰਦੀ ਦੌਰਾਨ ਮੌਜੂਦ ਸਨ, ਤਾਂ ਕਿਸੇ ਖ਼ਾਸ ਮੁਖ਼ਬਰ ਵਲੋਂ ਇਤਲਾਹ ਮਿਲੀ ਕਿ ਦੋ ਨੌਜਵਾਨ ਸ਼ਰੇਆਮ ਖੱਸਣ ਰੋਡ ਨਜ਼ਦੀਕ ਸਰਕਾਰੀ ਪਾਣੀ ਵਾਲੇ ਟਿਊਬਵੈੱਲ ਦੇ ਪਿੱਛੇ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਹੈਰੋਇਨ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ | ਏਐਸਆਈ ਰਕੇਸ਼ ਕੁਮਾਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਦੱਸੀ ਹੋਈ ਜਗ੍ਹਾ ਤੇ ਰੇਡ ਕੀਤਾ ਗਿਆ ਤਾਂ ਦੋ ਨੌਜਵਾਨ ਸ਼ਰੇਆਮ ਨਸ਼ੇ ਹੈਰੋਇਨ ਦਾ ਸੇਵਨ ਕਰ ਰਹੇ ਸਨ | ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਪੁਲਿਸ ਕਰਮਚਾਰੀਆਂ ਵੱਲੋਂ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂਅ ਮਨਪ੍ਰੀਤ ਚੌਹਾਨ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਅਲਾਵਲਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਤੇ ਦੂਸਰੇ ਨੇ ਆਪਣਾ ਨਾਂਅ ਜਸਵੀਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਏਕਤਾ ਨਗਰ ਥਾਣਾ ਰਾਮਾ ਮੰਡੀ ਜ਼ਿਲ੍ਹਾ ਜਲੰਧਰ ਦੱਸਿਆ | ਜਿਨ੍ਹਾਂ ਪਾਸੋਂ ਇੱਕ ਜਲਿਆ ਹੋਇਆ ਸਿਲਵਰ ਪੇਪਰ, ਦਸ ਰੁਪਏ ਦਾ ਪਾਈਪਨੁਮਾ ਨੋਟ ਤੇ ਇੱਕ ਲਾਈਟਰ ਬਰਾਮਦ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ |