ਸੁਲਤਾਨਪੁਰ ਲੋਧੀ, 14 ਜੁਲਾਈ (ਨਰੇਸ਼ ਹੈਪੀ, ਥਿੰਦ)- ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਨਵੇਂ ਬਣੇ ਖਜ਼ਾਨਾ ਗਿਣਤੀ ਹਾਲ ਦਾ ਉਦਘਾਟਨ ਕੀਤਾ ਗਿਆ | ਇਸ ਤੋਂ ਪਹਿਲਾਂ ਸਰਬੱਤ ਦੇ ਭਲਾ ਦੀ ਅਰਦਾਸ ਕੀਤੀ ਗਈ | ਇਸ ਮੌਕੇ ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਮਹਾਨ ਸਿਧਾਂਤਾਂ ‘ਤੇ ਚੱਲਣ ਅਤੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ | ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਬੱਤ ਦਾ ਭਲਾ ਸਿਰਫ਼ ਕਿਸੇ ਇੱਕ ਧਰਮ ਜਾਂ ਵਰਗ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਅਤੇ ਕਾਇਨਾਤ ਦੀ ਭਲਾਈ ਦਾ ਮਹਾਨ ਸਿਧਾਂਤ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਉਪਦੇਸ਼ ਮਨੁੱਖਤਾ ਲਈ ਅਨਮੋਲ ਮਾਰਗ ਦਰਸ਼ਨ ਹਨ ਅਤੇ ਗੁਰੂ ਘਰ ਦੇ ਦਰਵਾਜ਼ੇ ਹਰ ਧਰਮ ਤੇ ਹਰ ਵਰਗ ਲਈ ਹਮੇਸ਼ਾ ਖੁੱਲ੍ਹੇ ਹਨ | ਉਨ੍ਹਾਂ ਕਮੇਟੀ ਮੈਂਬਰਾਂ, ਅਹੁਦੇਦਾਰਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਥਕ ਸੰਸਥਾਵਾਂ ਦੀ ਮਰਿਆਦਾ ਅਤੇ ਸ਼ਾਨ ਨੂੰ ਕਾਇਮ ਰੱਖਣਾ ਹਰ ਸਿੱਖ ਦੀ ਸਾਂਝੀ ਜ਼ਿੰਮੇਵਾਰੀ ਹੈ | ਪ੍ਰਧਾਨ ਐਡਵੋਕੇਟ ਧਾਮੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਹੀ ਵੱਡੀ ਗੁਰਮਤਿ ਪ੍ਰਚਾਰ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਪਿੰਡ-ਪਿੰਡ ਪਹੁੰਚ ਕਰਕੇ ਸੰਗਤ ਨੂੰ ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਅੰਮਿ੍ਤ ਸੰਚਾਰ ਨਾਲ ਜੋੜਿਆ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਸਬੰਧੀ 15 ਜੁਲਾਈ ਨੂੰ ਰਸਮੀ ਐਲਾਨ ਕੀਤਾ ਜਾਵੇਗਾ ਅਤੇ ਪਹਿਲੇ ਪੜਾਅ ਵਿਚ ਵੱਡੇ ਪਿੰਡਾਂ ਵਿਚ ਪ੍ਰਚਾਰਕਾਂ ਵੱਲੋਂ ਦੀਵਾਨ ਸਜਾਏ ਜਾਣਗੇ | ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਮੁੱਢਲੇ ਸਿਧਾਂਤ ‘’ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’’ ਨੂੰ ਜੀਵਨ ਵਿਚ ਅਪਣਾ ਕੇ ਮਨੁੱਖ ਸੱਚੇ ਅਤੇ ਸੁਖੀ ਜੀਵਨ ਵੱਲ ਵਧ ਸਕਦਾ ਹੈ | ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਨਾਲ ਮਨੁੱਖ ਦੇ ਅੰਦਰੋਂ ਵੈਰ-ਵਿਰੋਧ, ਈਰਖਾ ਅਤੇ ਦਵੈਸ਼ ਦੂਰ ਹੁੰਦੇ ਹਨ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਖਾਲੜਾ ਵੱਲੋਂ ਸ਼ਹੀਦਾਂ ਦੇ ਰਿਕਾਰਡ ਜਨਤਕ ਕਰਨ ਦੀ ਮੰਗ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜਿਹੜੇ ਬੇਕਸੂਰ ਲੋਕ ਮਾਰੇ ਗਏ, ਉਨ੍ਹਾਂ ਨਾਲ ਸਬੰਧਿਤ ਤੱਥ ਅਤੇ ਰਿਕਾਰਡ ਸਪਸ਼ਟ ਹੋਣੇ ਚਾਹੀਦੇ ਹਨ | ਉਨ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਮਹਾਨ ਸਿੱਖ ਸ਼ਖ਼ਸੀਅਤ ਦੱਸਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸਤਿਕਾਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਹੀ ਭਾਈ ਜਸਵੰਤ ਸਿੰਘ ਖਾਲੜਾ ਦੀ ਫ਼ੋਟੋ ਸਿੱਖ ਅਜਾਇਬ ਘਰ ਚ ਲਗਾਈ ਹੋਈ ਹੈ | ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਫ਼ਿਲਮ UਸਤਲੁਜU ਵਿਚ ਦਰਸਾਏ ਗਏ 25 ਹਜ਼ਾਰ ਲਾਸ਼ਾਂ ਦੇ ਅੰਕੜੇ ਨੂੰ ਚੁਣੌਤੀ ਦੇਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੈਲੇਂਜ ਤਾਂ ਕੋਈ ਵੀ ਕਰ ਸਕਦਾ ਹੈ ਪਰ ਜਿਸ ਨੇ ਇਹ ਰਿਕਾਰਡ ਤਿਆਰ ਕੀਤਾ ਹੈ, ਉਹ ਸਮੇਂ ਸਿਰ ਉਸ ਨਾਲ ਸੰਬੰਧਿਤ ਦਸਤਾਵੇਜ਼, ਸਬੂਤ ਅਤੇ ਰਿਕਾਰਡ ਵੀ ਜ਼ਰੂਰ ਪੇਸ਼ ਕਰੇਗਾ |U ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਸਕੱਤਰ ਬਲਦੇਵ ਸਿੰਘ ਕਲਿਆਣ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਨੇ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਅਤੇ ਸੇਵਾ ਚ ਸਹਿਯੋਗ ਕਰਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮੱਤੇਵਾਲ, ਐਡੀਸ਼ਨਲ ਮੈਨੇਜਰ ਭਾਈ ਗੁਰਪ੍ਰੀਤ ਸਿੰਘ, ਬਾਬਾ ਸ਼ੇਰ ਸਿੰਘ ਮਸੀਤਾਂ ਕੋਟ ਈਸੇ ਖਾਨ, ਬਾਬਾ ਅਵਤਾਰ ਸਿੰਘ ਚੰਦ ਮੱਖੂ, ਸਾਬਕਾ ਮੈਨੇਜਰ ਜਰਨੈਲ ਸਿੰਘ ਬੁਲੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਹੈੱਡ ਗ੍ਰੰਥੀ ਹਰਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਦੋਆਬਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਬੂਲੇ, ਦਿਲਬਾਗ ਸਿੰਘ ਗਿੱਲ ਐਮ ਡੀ, ਸਰਵਣ ਸਿੰਘ ਚੱਕਾਂ, ਸੁਖਜਿੰਦਰ ਸਿੰਘ ਮੀਡੀਆ ਇੰਚਾਰਜ, ਜਰਨੈਲ ਸਿੰਘ ਲੇਖਾਕਾਰ, ਅਮਨਦੀਪ ਬੂਲੇ, ਪਵਨਦੀਪ ਸਿੰਘ, ਖ਼ਜ਼ਾਨਚੀ ਸੁਖਵਿੰਦਰ ਸਿੰਘ, ਸਹਾਇਕ ਖ਼ਜ਼ਾਨਚੀ ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਪਵਨਦੀਪ ਸਿੰਘ ਰਿਕਾਰਡ ਕੀਪਰ, ਬੀਬੀ ਬਲਜੀਤ ਕੌਰ ਆਦਿ ਮੌਜੂਦ ਸਨ |
ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਵੇਂ ਬਣੇ ਖਜ਼ਾਨਾ ਗਿਣਤੀ ਹਾਲ ਦਾ ਕੀਤਾ ਉਦਘਾਟਨ
ਅਜੀਤ ਡੈਸਕ
15-07-2026