ਕਪੂਰਥਲਾ, 23 ਜੁਲਾਈ (ਅਮਰਜੀਤ ਕੋਮਲ)- ਅੱਜ ਕਾਰਪੋਰੇਟ ਜਗਤ ਦਾ ਮੁਨਾਫ਼ਾ ਤਾਂ ਤੇਜੀ ਨਾਲ ਵੱਧ ਰਿਹਾ ਹੈ, ਪਰ ਮੈਨੂਫੈਕਚਰਿੰਗ ਸੈਕਟਰ ਵਿਚ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਰਹੇ ਹਨ, ਜਿਸ ਕਾਰਨ ਦੇਸ਼ ਵਿਚ ਬੇਰੁਜ਼ਗਾਰ ਦੀ ਦਰ ਚਿੰਤਾਜਨਕ ਰੂਪ ਵਿਚ ਵੱਧ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਅਤੁੱਲ ਸੂਦ ਪੋ੍ਰਫੈਸਰ ਤੇ ਉੱਘੇ ਅਰਥਸ਼ਾਸਤਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਨੇ ਆਰ.ਸੀ.ਐੱਫ. ਇੰਪਲਾਈਜ਼ ਯੂਨੀਅਨ, ਆਈ.ਆਰ.ਈ.ਐੱਫ. ਅਤੇ ਏ.ਆਈ.ਸੀ.ਸੀ.ਟੀ.ਯੂ. ਦੇ ਸਾਂਝੇ ਉਪਰਾਲੇ ਨਾਲ ਆਰ.ਸੀ.ਐਫ. ਦੇ ਵਰਕਰ ਕਲੱਬ ਵਿਚ ‘ਮਜ਼ਦੂਰ ਅੰਦੋਲਨ, ਸਰਕਾਰ, ਮੀਡੀਆ ਦਾ ਬਿਰਤਾਂਤ ਅਤੇ ਅਸਲ ਸੱਚਾਈ’ ਵਿਸ਼ੇ ‘ਤੇ ਕਰਵਾਈ ਗਈ ਵਿਚਾਰ ਚਰਚਾ ਮੌਕੇ ਆਰ.ਸੀ.ਐੱਫ. ਦੇ ਕਰਮਚਾਰੀਆਂ, ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਰਤ ਬਾਜ਼ਾਰ ਦੇ ਢਾਂਚਾ ਗਤ ਸੰਕਟ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੰਗਠਿਤ ਖੇਤਰ ਵਿਚ ਕੰਮ ਕਰਨ ਵਾਲੇ ਕੁੱਲ ਕਰਮਚਾਰੀਆਂ ਵਿਚੋਂ 53.6 ਫ਼ੀਸਦੀ ਲੋਕ ਅਸਲ ਵਿਚ ਅਸੰਗਠਿਤ ਸ਼ੇ੍ਰਣੀਆਂ ਦੀਆਂ ਅਣਮਨੁੱਖੀ ਹਾਲਾਤ ਵਿਚ ਕੰਮ ਕਰਨ ਲਈ ਮਜਬੂਰ ਹਨ | ਐਮਾਜ਼ੋਨ ਵਰਗੀਆਂ ਕੰਪਨੀਆਂ ਵਿਚ ਮਜ਼ਦੂਰਾਂ ਨੂੰ 15 ਹਜ਼ਾਰ ਰੁਪਏ ਦੀ ਤਨਖ਼ਾਹ ‘ਤੇ ਰੱਖਿਆ ਜਾ ਰਿਹਾ ਹੈ | ਇਸੇ ਤਰ੍ਹਾਂ ਉਦਯੋਗਿਕ ਇਕਾਈਆਂ ਵਿਚ ਮਜ਼ਦੂਰਾਂ ਤੋਂ ਬਿਨ੍ਹਾਂ ਕਿਸੇ ਵੀ ਉਚਿੱਤ ਓਵਰ ਟਾਈਮ ਦੇ 14 ਤੋਂ 16 ਘੰਟੇ ਤੱਕ ਸਰੀਰਕ ਮਿਹਨਤ ਕਰਵਾਈ ਜਾਂਦੀ ਹੈ | ਜਿਸ ਦੇ ਬਦਲੇ ਉਨ੍ਹਾਂ ਨੂੰ 18 ਹਜ਼ਾਰ ਤੋਂ ਲੈ ਕੇ 19 ਹਜ਼ਾਰ ਰੁਪਏ ਤੱਕ ਦਿੱਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕੰਮ ਵਾਲੀਆਂ ਥਾਵਾਂ ‘ਤੇ ਹਾਲਾਤ ਇੰਨੇ ਬਦਤਰ ਹਨ ਕਿ 14 ਤੋਂ 16 ਘੰਟੇ ਦੀ ਸ਼ਿਫ਼ਟ ਦੌਰਾਨ ਮਜ਼ਦੂਰਾਂ ਨੂੰ ਆਪਣੇ ਕੋਲ ਮੋਬਾਈਲ ਰੱਖਣ ਦੀ ਇਜਾਜ਼ਤ ਨਹੀਂ ਹੁੰਦੀ | ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਸਾਲਾਨਾ ਤਨਖ਼ਾਹ ਦੇ ਵਾਧੇ ਦੇ ਨਾਂਅ ‘ਤੇ ਸਿਰਫ਼ 31 ਤੋਂ 32 ਰੁਪਏ ਤੱਕ ਦਾ ਵਾਧਾ ਕੀਤਾ ਜਾਂਦਾ ਹੈ | ਡਾ. ਸੂਦ ਨੇ ਨੋਇਡਾ ਅਤੇ ਮਾਨੇਸਰ ਦੇ ਇਤਿਹਾਸਕ ਸੰਘਰਸ਼ਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਇਸ ਸੰਘਰਸ਼ ਵਿਚ ਸ਼ਾਮਲ 40 ਹਜ਼ਾਰ ਮਜ਼ਦੂਰਾਂ ਦੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਪੁਲਿਸ ਪ੍ਰਸ਼ਾਸਨ ਵਲੋਂ ਦਮਨਕਾਰੀ ਰਵੱਈਆ ਅਖ਼ਤਿਆਰ ਕਰਦਿਆਂ ਬੇਕਸੂਰ ਲੋਕਾਂ ਨੂੰ ਗਿ੍ਫ਼ਤਾਰ ਕਰਕੇ ਇਸ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਬੀਤੇ ਦਿਨੀਂ ਦਿੱਲੀ ਦੇ ਜੰਤਰ ਮੰਤਰ ਵਿਚ ਸ਼ਾਂਤਮਈ ਢੰਗ ਨਾਲ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ਤੇ ਨੌਜਵਾਨਾਂ ‘ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਡਾ. ਸੂਦ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿਚ ਆਪਣੀ ਆਵਾਜ਼ ਉਠਾਉਣਾ ਤੇ ਇਨਸਾਫ਼ ਮੰਗਣਾ ਕੋਈ ਅਪਰਾਧ ਨਹੀਂ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਜਥੇਬੰਦਕ ਸਕੱਤਰ ਭਰਤ ਰਾਜ ਨੇ ਮੁਲਾਜ਼ਮਾਂ ਨੇ ਸੱਦਾ ਦਿੱਤਾ ਕਿ ਉਹ ਆਪਣੇ ਹਿਤਾਂ ਜਿਵੇਂ ਕਿ ਘੱਟੋ ਘੱਟ ਤਨਖ਼ਾਹ, ਕੰਮ ਵਾਲੀ ਥਾਂ ‘ਤੇ ਸੁਰੱਖਿਆ, ਇੱਜ਼ਤ ਅਤੇ ਕਾਨੂੰਨੀ ਸੁਰੱਖਿਆ ਲਈ ਲਾਮਬੰਦ ਹੋ ਕੇ ਸੰਘਰਸ਼ ਕਰਨ | ਇਸ ਵਿਚਾਰ ਚਰਚਾ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸਕੱਤਰ ਗੁਰਜਿੰਦਰ ਸਿੰਘ, ਰਾਜ ਕੁਮਾਰ ਪਰਜਾਪਤੀ ਤੇ ਇਕ ਛੋਟੀ ਜਿਹੀ ਬੇਟੀ ਕਾਨੂਪਿ੍ਆ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਤੇ ਇਨਕਲਾਬੀ ਗੀਤ ਪੇਸ਼ ਕੀਤੇ ਤੇ ਸੰਘਰਸ਼ ਦਾ ਸੁਨੇਹਾ ਘਰ-ਘਰ ਪਹੁੰਚਾਇਆ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫ਼ਰਜ਼ ਵਰਕਰ ਕਲੱਬ ਦੇ ਖ਼ਜ਼ਾਨਚੀ ਅਵਤਾਰ ਸਿੰਘ ਨੇ ਬਾਖ਼ੂਬੀ ਨਾਲ ਨਿਭਾਏ | ਚਰਚਾ ਦੀ ਸਮਾਪਤੀ ‘ਤੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਚਰਚਾ ਮੌਕੇ ਸ਼ਾਮਲ ਹੋਏ ਜਨਤਕ ਜਥੇਬੰਦੀਆਂ ਦੇ ਆਗੂਆਂ ਮਜ਼ਦੂਰਾਂ, ਔਰਤਾਂ ਤੇ ਨੌਜਵਾਨ ਤੇ ਆਰ.ਸੀ.ਐਫ. ਦੇ ਕਰਮਚਾਰੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ |