ਢਿਲਵਾਂ, 23 ਜੁਲਾਈ (ਪ੍ਰਵੀਨ ਕੁਮਾਰ)-ਜੁਆਇੰਟ ਫੋਰਮ ਦੇ ਸੱਦੇ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬਡਵੀਜ਼ਨ ਢਿਲਵਾਂ ਵਲੋਂ 21 ਤੇ 22 ਨੂੰ ਸਮੂਹਿਕ ਛੁੱਟੀ ਤੇ ਜਾਣ ਦਾ ਐਲਾਨ ਕੀਤਾ ਸੀ ਜਿਸ ਵਿਚ ਹੁਣ ਵਾਧਾ ਕਰਦਿਆਂ 24 ਜੁਲਾਈ ਤੱਕ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਢਿਲਵਾਂ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀਆ ਹੱਕੀ ਤੇ ਜਾਇਜ਼ ਮੰਗਾਂ ਲਈ ਪਾਵਰਕਾਮ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹਿਣ ਉਪਰੰਤ ਜੁਆਇੰਟ ਫੋਰਮ ਵਲੋਂ ਮਿਲੇ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਸਮੂਹਿਕ ਛੁੱਟੀ ਵਿਚ ਕੀਤੇ ਵਾਧੇ ਸਬੰਧੀ ਆਪਣੀ ਛੁੱਟੀ ਐੱਸ.ਡੀ.ਓ ਢਿਲਵਾਂ ਨੂੰ ਦਿੱਤੀ ਹੈ | ਇਸ ਮੌਕੇ ਯੂਨੀਅਨ ਦੇ ਆਗੂਆਂ ਵਲੋਂ ਸਥਾਨਕ ਬਿਜਲੀ ਦਫ਼ਤਰ ਦੇ ਬਾਹਰ ਰੋਸ ਵਿਖਾਵਾ ਕਰਦਿਆਂ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ ਹੈ | ਉਨ੍ਹਾਂ ਕਿਹਾ ਕਿ ਸਮੂਹਿਕ ਛੁੱਟੀ ਦੌਰਾਨ ਜੇਕਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ | ਇਸ ਮੌਕੇ ਹਰਜਿੰਦਰ ਪ੍ਰਤਾਪ ਸਿੰਘ ਮੀਤ ਪ੍ਰਧਾਨ, ਰਘੂ ਨੰਦਨ, ਇੰਦਰਜੀਤ ਸਿੰਘ, ਲਖਬੀਰ ਸਿੰਘ, ਲਵਪ੍ਰੀਤ ਸਿੰਘ ਤੇ ਰਾਕੇਸ਼ ਕੁਮਾਰ ਆਦਿ ਮੌਜੂਦ ਸਨ |