ਸੁਲਤਾਨਪੁਰ ਲੋਧੀ, 23 ਜੁਲਾਈ (ਨਰੇਸ਼ ਹੈਪੀ)-ਪੰਜਾਬ ਕੁਸ਼ਤੀ ਐਸੋਸੀਏਸ਼ਨ ਵੱਲੋਂ ਚੀਮਾ (ਸੰਗਰੂਰ) ਵਿਖੇ ਕਰਵਾਏ ਗਏ ਪਹਿਲੇ ਅੰਡਰ-12 ਲੜਕੇ ਅਤੇ ਲੜਕੀਆਂ ਦੇ ਪੰਜਾਬ ਪੱਧਰੀ ਕੁਸ਼ਤੀ ਟੂਰਨਾਮੈਂਟ ਵਿਚ 400 ਤੋਂ ਵੱਧ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿਚ ਸੀਚੇਵਾਲ ਅਕੈਡਮੀ ਦੇ ਹੋਣਹਾਰ ਖਿਡਾਰੀ ਕਰਨਵੀਰ ਸਿੰਘ ਨੇ 28 ਕਿੱਲੋਗਰਾਮ ਭਾਰ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮੁੱਚੇ ਪੰਜਾਬ ਵਿਚੋਂ ਤੀਜਾ ਸਥਾਨ ਹਾਸਲ ਕਰਕੇ ਅਕੈਡਮੀ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਪੰਜਾਬ ਪੱਧਰ ‘ਤੇ ਕਾਮਯਾਬੀ ਹਾਸਲ ਕਰਨ ਉਪਰੰਤ ਸੀਚੇਵਾਲ ਅਕੈਡਮੀ ਪਹੁੰਚਣ ‘ਤੇ ਖਿਡਾਰੀ ਕਰਨਵੀਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਪਿ੍ੰਸੀਪਲ ਸਤਪਾਲ ਸਿੰਘ ਗਿੱਲ, ਕੋਚ ਗੁਰਬੀਰ ਸਿੰਘ ਢਿੱਲੋਂ, ਪੰਜਾਬੀ ਮਾਸਟਰ ਗੁਰਜੀਤ ਸਿੰਘ ਅਤੇ ਇੰਚਾਰਜ ਪਿ੍ਅੰਕਾ ਰਾਣੀ ਵੱਲੋਂ ਖਿਡਾਰੀ ਨੂੰ ਸਨਮਾਨਿਤ ਕਰਦਿਆਂ ਉਸ ਦੀ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਉੱਚੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਕਾਮਨਾ ਕੀਤੀ | ਇਸ ਮੌਕੇ ਕੋਚ ਗੁਰਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬੱਚਿਆਂ ਦੀ ਪਨੀਰੀ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ | ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਦੀ ਪੇ੍ਰਰਨਾ ਅਤੇ ਸਰਪ੍ਰਸਤੀ ਸਦਕਾ ਪਿੰਡਾਂ ਦੇ ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣਾ ਸੁਨਹਿਰਾ ਭਵਿੱਖ ਸਿਰਜ ਰਹੇ ਹਨ | ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਤਰ੍ਹਾਂ ਦੀ ਹੌਸਲਾ ਅਫ਼ਜ਼ਾਈ ਨਾਲ ਹੋਰ ਵੀ ਨੌਜਵਾਨ ਖਿਡਾਰੀ ਸੂਬੇ ਅਤੇ ਦੇਸ਼ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣਗੇ |