ਪੀ.ਐਮ. ਰਾਹਤ ਯੋਜਨਾ ਸੜਕ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਜਾਨ ਬਚਾਉਣ ਲਈ ਬਹੁਤ ਹੀ ਲਾਹੇਵੰਦ ਹੈ-ਹਰਕਰਮ ਸਿੰਘ
ਕਪੂਰਥਲਾ, 2 ਅਗਸਤ (ਅਮਰਜੀਤ ਕੋਮਲ)-ਸੜਕ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਜਾਨ ਬਚਾਉਣ ਦੇ ਮਨੋਰਥ ਨਾਲ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਪੀ. ਐਮ.
ਕਪੂਰਥਲਾ, 2 ਅਗਸਤ (ਅਮਰਜੀਤ ਕੋਮਲ)-ਸੜਕ ਹਾਦਸੇ ਵਿਚ ਜ਼ਖਮੀ ਹੋਏ ਲੋਕਾਂ ਦੀ ਜਾਨ ਬਚਾਉਣ ਦੇ ਮਨੋਰਥ ਨਾਲ ਕੇਂਦਰ ਸਰਕਾਰ ਵਲੋਂ ਚਲਾਈ ਜਾ ਰਹੀ ਪੀ.ਐਮ. ਰਾਹਤ ਯੋਜਨਾ ਆਮ ਲੋਕਾਂ ਲਈ ਬਹੁਤ ਹੀ ਲਾਭਦਾਇਕ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਕਰਮ ਸਿੰਘ ਖੇਤਰੀ ਟਰਾਂਸਪੋਰਟ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਸੜਕ ਹਾਦਸਾ ਹੋਣ ਦੀ ਸੂਰਤ ਵਿਚ ਲੋਕ ਜ਼ਖ਼ਮੀ ਦੀ ਤੁਰੰਤ ਮਦਦ ਕਰਨ ਤੇ ਬਿਨਾਂ ਕਿਸੇ ਡਰ ਤੇ ਝਿਜਕ ਦੇ ਉਨ੍ਹਾਂ ਨੂੰ ਨੇੜਲੇ ਸੂਚੀਬੱਧ ਹਸਪਤਾਲ ਵਿਚ ਪਹੁੰਚਾਇਆ ਜਾਵੇ | ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਸੜਕ ਹਾਦਸੇ ਦੇ ਹਰ ਪੀੜਤ ਨੂੰ ਹਾਦਸੇ ਦੀ ਮਿਤੀ ਤੋਂ ਵੱਧ ਤੋਂ ਵੱਧ ਸੱਤ ਦਿਨਾਂ ਤੱਕ ਡੇਢ ਲੱਖ ਰੁਪਏ ਦਾ ਕੈਸ਼ਲੈਸ ਇਲਾਜ ਕਰਵਾਇਆ ਜਾਂਦਾ ਹੈ ਤੇ ਹਾਦਸੇ ਤੋਂ ਬਾਅਦ ਪਹਿਲੇ 24 ਤੋਂ 48 ਘੰਟੇ ਜਿਨ੍ਹਾਂ ਨੂੰ ‘ਗੋਲਡਨ ਆਵਰ’ ਕਿਹਾ ਜਾਂਦਾ ਹੈ ਉਹ ਸਬੰਧਿਤ ਵਿਅਕਤੀ ਦੀ ਜਾਨ ਬਚਾਉਣ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ | ਇਸ ਲਈ ਹਸਪਤਾਲਾਂ ਨੂੰ ਵੀ ਪੀੜਤਾਂ ਦੇ ਤੁਰੰਤ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸੜਕਾਂ ‘ਤੇ ਵਾਹਨ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਹਰ ਵਿਅਕਤੀ ਤੇ ਵਿਦੇਸ਼ੀ ਨਾਗਰਿਕ ਇਸ ਯੋਜਨਾ ਦਾ ਲਾਭ ਲੈਣ ਦਾ ਹੱਕਦਾਰ ਹੈ, ਇਸ ਲਈ ਵਾਹਨ ਦਾ ਬੀਮਾ ਹੋਣਾ ਲਾਜ਼ਮੀ ਹੈ | ਹਰਕਰਮ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸਥਿਤੀ ਵਿਚ ਐਂਬੂਲੈਂਸ ਤੇ ਨਜ਼ਦੀਕੀ ਸੂਚੀਬੱਧ ਹਸਪਤਾਲ ਦੀ ਜਾਣਕਾਰੀ ਲਈ 112 ਹੈਲਪ ਨੰਬਰ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਸੰਚਾਲਨ ਈ-ਡਾਰ ਤੇ ਨੈਸ਼ਨਲ ਹੈਲਥ ਅਥਾਰਿਟੀ ਦੇ ਟੀ.ਐਮ.ਐਸ. 2.0 ਪੋਰਟਲ ਰਾਹੀਂ ਕੀਤਾ ਜਾਂਦਾ ਹੈ ਤੇ ਇਲਾਜ ਦਾ ਖ਼ਰਚਾ ਮੋਟਰ ਵਾਹਨ ਦੁਰਘਟਨਾ ਫੰਡ ਵਿਚੋਂ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਿੱਟ ਐਂਡ ਰਨ ਮਾਮਲਿਆਂ ਵਿਚ ਵੀ ਇਹ ਖ਼ਰਚਾ ਸਰਕਾਰ ਵਲੋਂ ਕੀਤਾ ਜਾਂਦਾ ਹੈ | ਖੇਤਰੀ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਰਾਹ-ਵੀਰ (ਗੁੱਡ ਸਮੈਰੀਟਨ) ਯੋਜਨਾ ਤਹਿਤ ਜੋ ਵਿਅਕਤੀ ਹਾਦਸੇ ਦੇ ਪਹਿਲੇ 60 ਮਿੰਟਾਂ ਦੇ ਅੰਦਰ ਅੰਦਰ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਪਹੁੰਚਾਉਣ ਵਿਚ ਮਦਦ ਕਰਦਾ ਹੈ ਉਸਨੂੰ 25 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਪ੍ਰਸੰਸਾ ਪੱਤਰ ਵੀ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਕ ਵਿਅਕਤੀ ਇਕ ਸਾਲ ਵਿਚ ਵੱਧ ਤੋਂ ਵੱਧ ਪੰਜ ਵਾਰ ਇਨਾਮ ਮਿਲ ਸਕਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਇਕ ਤੋਂ ਵੱਧ ਲੋਕ ਮਿਲ ਕੇ ਕਿਸੇ ਜ਼ਖਮੀ ਦੀ ਮਦਦ ਕਰਦੇ ਹਨ ਤਾਂ ਇਨਾਮੀ ਰਕਮ ਸਾਰਿਆਂ ਵਿਚ ਬਰਾਬਰ ਵੰਡੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਰਾਹ-ਵੀਰ ਨੂੰ ਪੁਲਿਸ ਜਾਂ ਹਸਪਤਾਲ ਵਲੋਂ ਬੇਲੋੜੀ ਪੁੱਛਗਿੱਛ, ਐਫ.ਆਈ.ਆਰ. ਦਰਜ ਕਰਵਾਉਣ ਜਾਂ ਗਵਾਹ ਬ ਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਤੇ ਸਬੰਧਿਤ ਵਿਅਕਤੀ ਜ਼ਖਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਉਣ ਤੋਂ ਬਾਅਦ ਤੁਰੰਤ ਉੱਥੋਂ ਜਾ ਸਕਦਾ ਹੈ | ਹਰਕਰਮ ਸਿੰਘ ਨੇ ਦੱਸਿਆ ਕਿ ਸਥਾਨਕ ਪੁਲਿਸ ਤੇ ਡਾਕਟਰ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹਾ ਮੁਲਾਂਕਣ ਕਮੇਟੀ ਦੀ ਸਿਫ਼ਾਰਸ਼ ‘ਤੇ ਇਨਾਮੀ ਰਕਮ ਪੀ.ਐਫ.ਐਮ.ਐਸ. ਰਾਹੀਂ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਭੇਜੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪ ਲਾਈਨ ਨੰਬਰ 01822-233777 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ |