ਵਾਰ-ਵਾਰ ਬਿਜਲੀ ਦੇ ਕੱਟਾਂ ਤੋਂ ਫਗਵਾੜਾ ਵਾਸੀ ਪ੍ਰੇਸ਼ਾਨ -ਪੰਕਜ ਚਾਵਲਾ
ਫਗਵਾੜਾ, 23 ਅਗਸਤ (ਚਾਨਾ)- ਭਾਜਪਾ ਵਪਾਰ ਸੰਘ ਪੰਜਾਬ ਦੇ ਸਕੱਤਰ ਪੰਕਜ ਚਾਵਲਾ ਨੇ ਫਗਵਾੜਾ ‘ਚ ਵਾਰ-ਵਾਰ ਲੱਗ ਰਹੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅੱਜ ਫਗਵਾੜਾ ‘ਚ ਕਰੀਬ 12 ਵਾਰ ਬਿਜਲੀ ਆਉਣ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਸ਼ਹਿਰ ਵਾਸੀਆਂ ਵਿਚ ਹਾਹਾਕਾਰ ਮਚੀ ਰਹੀ | ਚਾਵਲਾ ਨੇ ਕਿਹਾ ਕਿ ਸਰਕਾਰ ਵਲੋਂ ਵਧੀਆ ਪ੍ਰਸ਼ਾਸਨ ਤੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ | ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਕਈ ਇਲਾਕਿਆਂ ‘ਚ ਸਟਰੀਟ ਲਾਈਟਾਂ ਦੀ ਸਮੱਸਿਆ ਬਣੀ ਹੋਈ ਹੈ ਤੇ ਲਗਭਗ ਸਾਰੀਆਂ ਮੁੱਖ ਸੜਕਾਂ ‘ਤੇ ਟੋਏ ਪਏ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਖਾਸ ਕਰਕੇ ਬਜ਼ੁਰਗਾਂ ਦੇ ਡਿੱਗਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਦਿਨ ‘ਚ ਵਾਰ ਵਾਰ ਬਿਜਲੀ ਬੰਦ ਹੋਣ ਤੇ ਕਦੇ ਘੱਟ ਤੇ ਕਦੇ ਵੱਧ ਵੋਲਟੇਜ ਆਉਣ ਕਾਰਨ ਲੋਕਾਂ ਦੇ ਬਲਬ, ਟਿਊਬਾਂ, ਫ਼ਰਿਜ ਤੇ ਏਸੀ ਆਦਿ ਬਿਜਲੀ ਉਪਕਰਨ ਖ਼ਰਾਬ ਹੋ ਰਹੇ ਹਨ | ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਲੋਕ ਬਿਜਲੀ ਦੀ ਸਮੱਸਿਆ ਸਬੰਧੀ 1912 ‘ਤੇ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਸ਼ਿਕਾਇਤ ਦਰਜ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਪਰ ਸਮੱਸਿਆ ਦਾ ਹੱਲ ਕਰਨ ਲਈ ਕੋਈ ਮੌਕੇ ‘ਤੇ ਨਹੀਂ ਪਹੁੰਚਦਾ | ਚਾਵਲਾ ਨੇ ਪੰਜਾਬ ਸਰਕਾਰ ਤੋਂ ਸਵਾਲ ਕਰਦਿਆਂ ਕਿਹਾ ਕਿ ਜੇਕਰ ਵਾਰ-ਵਾਰ ਬਿਜਲੀ ਦੇ ਕੱਟ, ਖ਼ਰਾਬ ਸੜਕਾਂ, ਸਟਰੀਟ ਲਾਈਟਾਂ ਦੀ ਘਾਟ ਤੇ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਹੀ ਵਿਕਾਸ ਹਨ ਤਾਂ ਫਿਰ ਇਸ ਨੂੰ ਵਿਕਾਸ ਕਿਹਾ ਜਾਵੇ ਜਾਂ ਵਿਨਾਸ਼ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ |